ਚੰਡੀਗੜ੍ਹ (ਸਲਿਲ ਖੰਨਾ): ਪੈਸਾ ਕਮਾਉਣ ਦੀ ਅੰਨ੍ਹੀ ਦੌੜ ਵਿਚ ਮਨੁੱਖ ਕਿਤੇ ਅਪਣੀ ਜ਼ਿੰਦਗੀ ਤਾਂ ਨਹੀਂ ਗੁਆ ਰਿਹਾ? ਵੱਡੀਆਂ ਕੋਠੀਆਂ ਬਣਾਉਂਦਿਆਂ ਕਿਤੇ ਘਰ ਦੀ ਨਿੱਘ ਤਾਂ ਨਹੀਂ ਗੁਆ ਲਈ? ਵਿਦੇਸ਼ਾਂ ਵਿਚ ਭਵਿੱਖ ਬਣਾਉਂਦਿਆਂ ਕਿਤੇ ਅਪਣੀ ਮਿੱਟੀ, ਮਾਂ-ਬੋਲੀ ਅਤੇ ਬਜ਼ੁਰਗ ਮਾਪਿਆਂ ਤੋਂ ਤਾਂ ਦੂਰ ਨਹੀਂ ਹੋ ਗਏ? ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਪੜ੍ਹਦਿਆਂ ਕੀ ਅਸੀਂ ਉਸ ਇਨਸਾਨੀਅਤ ਅਤੇ ਇਨਸਾਫ਼ ਨੂੰ ਵੀ ਯਾਦ ਰੱਖ ਰਹੇ ਹਾਂ, ਜਿਸ ਲਈ ਪੰਜਾਬ ਦੀ ਧਰਤੀ ਜਾਣੀ ਜਾਂਦੀ ਰਹੀ ਹੈ? ਇਨ੍ਹਾਂ ਸਵਾਲਾਂ ਨੂੰ ਚੰਡੀਗੜ੍ਹ ਦੇ ਸੈਕਟਰ-38 ਸਥਿਤ ਰਾਣੀ ਲਕਸ਼ਮੀ ਬਾਈ ਹਾਲ ਵਿਚ ਕਰਵਾਏ ਗਏ ਵਿਸ਼ੇਸ਼ ਸਭਿਆਚਾਰਕ ਸ਼ੋਅ ‘ਸਿਆਣੇ ਕਹਿੰਦੇ ਨੇ’ ਨੇ ਬੇਹੱਦ ਭਾਵੁਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਿਆ।
ਪ੍ਰਸਿੱਧ ਲੇਖਕ, ਕਲਾਕਾਰ ਅਤੇ ਪ੍ਰੇਰਕ ਬੁਲਾਰੇ ਜਰਨੈਲ ਸਿੰਘ ਨੇ ਅਪਣੀ ਕਹਾਣੀ-ਕਥਨ ਦੀ ਵਿਲੱਖਣ ਸ਼ੈਲੀ ਅਤੇ ਸ਼ੇਅਰੋ-ਸ਼ਾਇਰੀ ਰਾਹੀਂ ਅੱਜ ਦੇ ਰਿਸ਼ਤਿਆਂ, ਜ਼ਿੰਦਗੀ ਦੀ ਦੌੜ, ਪੰਜਾਬੀਅਤ, ਨੌਜਵਾਨਾਂ ਦੇ ਵਿਦੇਸ਼ ਜਾਣ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਨਸਾਨੀਅਤ ਭਰੀ ਸੋਚ ਨੂੰ ਇਕੋ ਮੰਚ ’ਤੇ ਜੋੜ ਦਿਤਾ। ਅਨਹਦ ਐਜੂਕੇਸ਼ਨ ਵੈਲਫ਼ੇਅਰ ਸੋਸਾਇਟੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਅਤੇ ‘ਰੋਜ਼ਾਨਾ ਸਪੋਕਸਮੈਨ’ ਦੇ ਸਾਂਝੇ ਸਹਿਯੋਗ ਨਾਲ ਹੋਈ ਇਸ ਯਾਦਗਾਰੀ ਸ਼ਾਮ ਵਿਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸ਼ਹਿਰ ਦੇ ਪਤਵੰਤੇ ਸੱਜਣਾਂ, ਬੁੱਧੀਜੀਵੀਆਂ ਅਤੇ ਕਲਾ ਪ੍ਰੇਮੀਆਂ ਨਾਲ ਹਾਲ ਖਚਾਖਚ ਭਰਿਆ ਰਿਹਾ। ਜਰਨੈਲ ਸਿੰਘ ਨੇ ਅੱਜ ਦੇ ਪ੍ਰਵਾਰਕ ਰਿਸ਼ਤਿਆਂ ਵਿਚ ਆ ਰਹੀ ਦੂਰੀ ’ਤੇ ਗੱਲ ਕਰਦਿਆਂ ਕਿਹਾ ਕਿ ਇਨਸਾਨ ਕੋਲ ਪੈਸਾ, ਰੁਤਬਾ ਅਤੇ ਸਹੂਲਤਾਂ ਤਾਂ ਵਧ ਰਹੀਆਂ ਹਨ, ਪਰ ਅਪਣੇ ਮਾਪਿਆਂ, ਬੱਚਿਆਂ ਅਤੇ ਪ੍ਰਵਾਰ ਨਾਲ ਬੈਠਣ ਲਈ ਸਮਾਂ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਸੇ ਨਾਲ ਮਕਾਨ ਬਣ ਸਕਦਾ ਹੈ, ਪਰ ਘਰ ਨਹੀਂ। ਉਨ੍ਹਾਂ ਦੀਆਂ ਇਹ ਸਤਰਾਂ ਹਾਲ ਵਿਚ ਬੈਠੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਈਆਂ:
ਕੱਚ ਦੇ ਖਿਡੌਣਿਆਂ ਵਰਗੇ ਨੇ ਰਿਸ਼ਤੇ ਅੱਜਕੱਲ੍ਹ ਦੇ,
ਜ਼ਰਾ ਸੀ ਠੇਸ ਲੱਗੇ ਤਾਂ ਤਿੜਕ ਜਾਂਦੇ ਨੇ।
ਮਕਾਨ ਤਾਂ ਬਣ ਜਾਂਦੇ ਨੇ ਪੈਸੇ ਦੇ ਜ਼ੋਰ ’ਤੇ,
ਪਰ ਘਰ ਤਾਂ ਆਪਣਿਆਂ ਦੇ ਨਿੱਘ ਨਾਲ ਹੀ ਸਜਦੇ ਨੇ।”
ਉਨ੍ਹਾਂ ਕਿਹਾ ਕਿ ਰਿਸ਼ਤਿਆਂ ਨੂੰ ਬੈਂਕ ਬੈਲੇਂਸ ਜਾਂ ਮਹਿੰਗੇ ਤੋਹਫ਼ਿਆਂ ਦੀ ਨਹੀਂ, ਵਕਤ, ਪਿਆਰ ਅਤੇ ਸਤਿਕਾਰ ਦੀ ਲੋੜ ਹੁੰਦੀ ਹੈ। ਇਸ ਮੌਕੇ ‘ਰੋਜ਼ਾਨਾ ਸਪੋਕਸਮੈਨ’ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਵੀ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਕਾਮਯਾਬੀ, ਪੈਸੇ ਅਤੇ ਜ਼ਿੰਮੇਵਾਰੀਆਂ ਦੀ ਦੌੜ ਵਿਚ ਮਨੁੱਖ ਅਕਸਰ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦਾ ਅਸਲ ਮਨੋਰਥ ਕੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਸਾਰਥਕ ਅਤੇ ਖ਼ੁਸ਼ਹਾਲ ਬਣਾਉਣ ਲਈ ਅਪਣੇ ਲੋਕਾਂ ਨਾਲ ਜੁੜੇ ਰਹਿਣਾ ਅਤੇ ਰਿਸ਼ਤਿਆਂ ਨੂੰ ਸਮਾਂ ਦੇਣਾ ਬੇਹੱਦ ਜ਼ਰੂਰੀ ਹੈ। ਇਸੇ ਭਾਵਨਾ ਨੂੰ ਜਰਨੈਲ ਸਿੰਘ ਨੇ ਅਪਣੀ ਕਵਿਤਾ ‘ਜ਼ਿੰਦਗੀ ਜੀ ਲੈ’ ਰਾਹੀਂ ਹੋਰ ਗਹਿਰਾਈ ਦਿਤੀ।
ਕਾਮਯਾਬੀ ਦੀ ਅੰਨ੍ਹੀ ਦੌੜ ’ਚ ਬੰਦਿਆਂ,
ਕਿਉਂ ਸਾਹਾਂ ਨੂੰ ਸੂਲੀ ਟੰਗਿਆ?
ਪੈਸੇ ਦੀ ਇਸ ਪੰਡ ਦੇ ਥੱਲੇ,
ਦੱਸ ਤੂੰ ਅੱਜ ਤੱਕ ਕੀ-ਕੀ ਮੰਗਿਆ?”
ਉਨ੍ਹਾਂ ਅੱਗੇ ਕਿਹਾ:
ਇਹ ਦੌਲਤ, ਇਹ ਸ਼ੋਹਰਤ, ਇਹ ਉੱਚੇ ਮਹਿਲ,
ਸੱਭ ਇਥੇ ਹੀ ਰਹਿ ਜਾਣੇ ਨੇ,
ਜੋ ਵੰਡਿਆ ਤੂੰ ਪਿਆਰ ਤੇ ਹਾਸਾ,
ਓਹੀਓ ਖ਼ਾਤੇ ਤੇਰੇ ਪੈਣੇ ਨੇ।”
ਪੰਜਾਬੀਉ! ਵਿਦੇਸ਼ ਜਾਉ, ਤਰੱਕੀ ਕਰੋ ਪਰ ਅਪਣੀ ਮਿੱਟੀ ਨਾ ਭੁੱਲੋ। ਜਰਨੈਲ ਸਿੰਘ ਨੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ’ਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਤਰੱਕੀ ਕਰਨ ਲਈ ਬਾਹਰ ਜਾਣਾ ਮਾੜੀ ਗੱਲ ਨਹੀਂ, ਪਰ ਅਪਣੀ ਧਰਤੀ, ਅਪਣੀ ਮਾਂ-ਬੋਲੀ, ਅਪਣੀ ਵਿਰਾਸਤ ਅਤੇ ਬਜ਼ੁਰਗ ਮਾਪਿਆਂ ਨੂੰ ਭੁੱਲ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਫ਼ਕੀਰਾਂ ਦੀ ਧਰਤੀ ਹੈ। ਇਸ ਦੀ ਮਿੱਟੀ ਵਿਚ ਪਿਆਰ, ਸਾਂਝ, ਸੂਰਬੀਰਤਾ ਅਤੇ ਮਨੁੱਖਤਾ ਦੀ ਮਹਿਕ ਹੈ। ਜੇ ਪੰਜਾਬੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਅਪਣੀ ਪਛਾਣ ਤੋਂ ਹੀ ਦੂਰ ਹੋ ਜਾਣਗੀਆਂ।
ਜਿਸ ਮਿੱਟੀ ਨੇ ਸਾਨੂੰ ਉਡਣਾ ਸਿਖਾਇਆ,
ਉਸ ਮਿੱਟੀ ਦੀ ਖ਼ੁਸ਼ਬੂ ਨੂੰ ਕਦੇ ਭੁਲਾਇਉ ਨਾ।
ਭਾਵੇਂ ਜਿੰਨੇ ਮਰਜ਼ੀ ਅਮੀਰ ਹੋ ਜਾਉ ਦੁਨੀਆਂ ’ਚ,
ਅਪਣੀ ਮਾਂ-ਬੋਲੀ ਤੇ ਵਿਰਾਸਤ ਨੂੰ ਪਿੱਠ ਦਿਖਾਇਉ ਨਾ।”
‘ਬੇਰੀ ਪੱਥਰ ਖਾ ਕੇ ਵੀ ਮਿੱਠੇ ਬੇਰ ਦਿੰਦੀ ਹੈ, ਮੈਂ ਤਾਂ ਇਨਸਾਨਾਂ ਦਾ ਰਾਜਾ ਹਾਂ’
ਸ਼ੋਅ ਦੌਰਾਨ ਜਰਨੈਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਿਆ ਇਕ ਪ੍ਰਸੰਗ ਸੁਣਾ ਕੇ ਇਨਸਾਨੀਅਤ ਅਤੇ ਇਨਸਾਫ਼ ਦੀ ਅਜਿਹੀ ਤਸਵੀਰ ਪੇਸ਼ ਕੀਤੀ ਕਿ ਹਾਲ ਵਿਚ ਮਾਹੌਲ ਗੰਭੀਰ ਹੋ ਗਿਆ। ਉਨ੍ਹਾਂ ਦਸਿਆ ਕਿ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਵਿਚ ਇਕ ਪੱਥਰ ਆ ਕੇ ਲੱਗਾ। ਸਿਪਾਹੀਆਂ ਨੇ ਪੱਥਰ ਸੁੱਟਣ ਵਾਲੀ ਗ਼ਰੀਬ ਬਜ਼ੁਰਗ ਮਾਈ ਨੂੰ ਫੜ ਲਿਆ। ਮਾਈ ਨੇ ਦਸਿਆ ਕਿ ਉਸ ਨੇ ਬੇਰੀ ਤੋਂ ਬੇਰ ਤੋੜਨ ਲਈ ਪੱਥਰ ਮਾਰਿਆ ਸੀ, ਜੋ ਗ਼ਲਤੀ ਨਾਲ ਮਹਾਰਾਜਾ ਨੂੰ ਲੱਗ ਗਿਆ। ਜਰਨੈਲ ਸਿੰਘ ਨੇ ਦਸਿਆ ਕਿ ਸਜ਼ਾ ਦੇਣ ਦੀ ਬਜਾਏ ਮਹਾਰਾਜਾ ਨੇ ਮਾਈ ਨੂੰ ਅਨਾਜ ਅਤੇ ਧਨ ਦੇ ਕੇ ਸਤਿਕਾਰ ਸਹਿਤ ਘਰ ਭੇਜਣ ਦਾ ਹੁਕਮ ਦਿਤਾ। ਜਦੋਂ ਦਰਬਾਰੀਆਂ ਨੇ ਇਸ ਦਾ ਕਾਰਨ ਪੁਛਿਆ ਤਾਂ ਮਹਾਰਾਜਾ ਨੇ ਕਿਹਾ: ਜੇ ਬੇਜਾਨ ਬੇਰੀ ਪੱਥਰ ਖਾ ਕੇ ਵੀ ਭੁੱਖੇ ਨੂੰ ਮਿੱਠੇ ਬੇਰ ਦਿੰਦੀ ਹੈ, ਤਾਂ ਮੈਂ ਤਾਂ ਇਨਸਾਨਾਂ ਦਾ ਰਾਜਾ ਹਾਂ।” ਇਸ ਪ੍ਰਸੰਗ ਨੂੰ ਸ਼ੇਅਰੋ-ਸ਼ਾਇਰੀ ਵਿਚ ਪੇਸ਼ ਕਰਦਿਆਂ ਜਰਨੈਲ ਸਿੰਘ ਨੇ ਕਿਹਾ:
ਦਿਲਾਂ ਵਿਚ ਰਹਿਮ ਤੇ ਹੱਥਾਂ ਵਿਚ ਦਾਨ ਰੱਖਦੇ ਸੀ,
ਉਹ ਪਰਜਾ ਨੂੰ ਹੀ ਅਪਣੀ ਜਿੰਦ-ਜਾਨ ਰੱਖਦੇ ਸੀ।
ਸ਼ੇਰ-ਏ-ਪੰਜਾਬ ਦੀ ਅਦਾਲਤ ਦਾ ਇਨਸਾਫ਼ ਤਾਂ ਦੇਖੋ,
ਪੱਥਰ ਮਾਰਨ ਵਾਲੇ ਨੂੰ ਵੀ ਉਹ ਸੋਨੇ ਦਾ ਦਾਨ ਦਿੰਦੇ ਸੀ।”
ਲਾਹੌਰ ਦੇ ਸੁੰਨੇ ਤਖ਼ਤ ਨੇ ਕਰਵਾਈ ਇਤਿਹਾਸ ਦੀ ਯਾਦ
ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀ ਅਪਣੀ ਲਾਹੌਰ ਯਾਤਰਾ ਦਾ ਜ਼ਿਕਰ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਮਹਾਰਾਜਾ ਦੇ ਦਰਬਾਰ ਅਤੇ ਤਖ਼ਤ ਨਾਲ ਜੁੜੀ ਥਾਂ ਨੂੰ ਦੇਖ ਕੇ ਉਨ੍ਹਾਂ ਦਾ ਮਨ ਭਰ ਆਇਆ।
ਸ਼ਾਹੀ ਕਿਲ੍ਹੇ ਦੀਆਂ ਕੰਧਾਂ ਵਿਚੋਂ ਅੱਜ ਵੀ
ਸ਼ੇਰ-ਏ-ਪੰਜਾਬ ਦੀ ਆਵਾਜ਼ ਆਉਂਦੀ ਹੈ,
ਉਸ ਲਾਹੌਰ ਦੀ ਮਿੱਟੀ ਅੱਜ ਵੀ
ਖ਼ਾਲਸਾ ਰਾਜ ਦੇ ਸੁਹਿਰਦ ਦਿਨਾਂ ਨੂੰ ਯਾਦ ਕਰਦੀ ਹੈ।
ਪਰ ਜਦੋਂ ਦੇਖਿਆ ਮਹਾਰਾਜਾ ਦਾ ਉਹ ਸੁੰਨਾ ਪਿਆ ਸ਼ਾਹੀ ਤਖ਼ਤ,
ਤਾਂ ਕਲੇਜਾ ਵਲੂੰਧਰਿਆ ਗਿਆ ਤੇ ਅੱਖਾਂ ਵਿਚ ਹੰਝੂ ਆ ਗਏ।”
ਉਨ੍ਹਾਂ ਪੰਜਾਬੀਆਂ ਨੂੰ ਅਪਣੀ ਵਿਰਾਸਤ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਲਾਹੌਰ ਦਾ ਕਿਲ੍ਹਾ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਖ਼ਾਲਸਾ ਰਾਜ ਦਾ ਇਤਿਹਾਸ ਸਿਰਫ਼ ਬੀਤੇ ਸਮੇਂ ਦੀਆਂ ਯਾਦਾਂ ਨਹੀਂ, ਸਗੋਂ ਪੰਜਾਬੀ ਅਣਖ, ਗ਼ੈਰਤ, ਇਨਸਾਫ਼ ਅਤੇ ਮਨੁੱਖਤਾ ਦੀ ਵਿਰਾਸਤ ਹਨ। ਜਰਨੈਲ ਸਿੰਘ ਦੀ ਪੇਸ਼ਕਾਰੀ ਨੇ ਕਦੇ ਹਾਸਿਆਂ, ਕਦੇ ਤਾੜੀਆਂ ਅਤੇ ਕਦੇ ਭਾਵੁਕਤਾ ਨਾਲ ਪੂਰੇ ਹਾਲ ਨੂੰ ਅਪਣੇ ਨਾਲ ਜੋੜੀ ਰੱਖਿਆ। ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਨੇ ਵੀ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਪ੍ਰੋਗਰਾਮਾਂ ਨੂੰ ਸਮਾਜ ਨੂੰ ਸਹੀ ਸੇਧ ਦੇਣ ਲਈ ਜ਼ਰੂਰੀ ਦਸਿਆ। ਅੰਤ ਵਿਚ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਨਾਲ ਇਸ ਸੁਨੇਹੇ ਨੂੰ ਸਲਾਮ ਕੀਤਾ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਹਾਲ ਗੂੰਜ ਉੱਠਿਆ। ‘ਸਿਆਣੇ ਕਹਿੰਦੇ ਨੇ’ ਦਾ ਅਸਲ ਸੁਨੇਹਾ ਸ਼ਾਇਦ ਇਹੀ ਸੀ: ਦੌਲਤ ਕਮਾਉ, ਤਰੱਕੀ ਕਰੋ, ਦੁਨੀਆਂ ਜਿੱਤੋ, ਪਰ ਇਸ ਦੌੜ ਵਿਚ ਅਪਣੀ ਜ਼ਿੰਦਗੀ, ਅਪਣੇ ਰਿਸ਼ਤੇ, ਅਪਣੀ ਮਾਂ-ਬੋਲੀ ਅਤੇ ਅਪਣੀ ਮਿੱਟੀ ਨਾ ਹਾਰੋ।
