ਇੰਗਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਜੋਸ ਬਟਲਰ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕੀਰੋਨ ਪੋਲਾਰਡ ਦਾ ਰਿਕਾਰਡ ਤੋੜ ਦਿੱਤਾ। ਬਟਲਰ ਦੇ ਨਾਂ ਹੁਣ 522 ਟੀ-20 ਮੈਚਾਂ ਵਿੱਚ 14,833 ਦੌੜਾਂ ਹਨ, ਜਦੋਂ ਕਿ ਪੋਲਾਰਡ ਨੇ 746 ਮੈਚਾਂ ਵਿੱਚ 14,803 ਦੌੜਾਂ ਬਣਾਈਆਂ ਹਨ।
ਬਟਲਰ ਨੇ ਇਹ ਉਪਲਬਧੀ ‘ਦ ਹੰਡ੍ਰੇਡ’ ਲੀਗ ਵਿੱਚ ਮੈਨਚੈਸਟਰ ਸੁਪਰ ਜਾਇੰਟਸ ਵੱਲੋਂ ਖੇਡਦਿਆਂ ਵੈਲਸ਼ ਫਾਇਰ ਦੇ ਖ਼ਿਲਾਫ਼ ਹਾਸਲ ਕੀਤੀ। ਉਨ੍ਹਾਂ ਨੇ 20 ਗੇਂਦਾਂ ਵਿੱਚ 51 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਪੋਲਾਰਡ ਨੂੰ ਪਿੱਛੇ ਛੱਡ ਦਿੱਤਾ।
ਰਿਕਾਰਡ ਬਣਾਉਣ ਤੋਂ ਬਾਅਦ ਬਟਲਰ ਦਾ ਇੱਕ ਬਿਆਨ ਵੀ ਚਰਚਾ ਵਿੱਚ ਰਿਹਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਭਵਿੱਖ ਵਿੱਚ ਇਹ ਰਿਕਾਰਡ ਤੋੜ ਸਕਦੇ ਹਨ।
ਮੈਚ ਤੋਂ ਬਾਅਦ ਸਕਾਈ ਸਪੋਰਟਸ ਨਾਲ ਗੱਲਬਾਤ ਕਰਦਿਆਂ 34 ਸਾਲਾ ਬਟਲਰ ਨੇ ਕਿਹਾ, “ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਨਾ ਸ਼ਾਨਦਾਰ ਅਹਿਸਾਸ ਹੈ। ਪਰ ਇੱਕ ਦਿਨ ਕੋਈ ਨਾ ਕੋਈ ਇਹ ਰਿਕਾਰਡ ਜ਼ਰੂਰ ਤੋੜੇਗਾ। ਮੈਨੂੰ ਲਗਦਾ ਹੈ ਕਿ ਉਹ ਖਿਡਾਰੀ ਸ਼ਾਇਦ ਭਾਰਤ ਦਾ ਵੈਭਵ ਸੂਰਿਆਵੰਸ਼ੀ ਹੋ ਸਕਦਾ ਹੈ।”
