ਲੰਡਨ (ਯੂਕੇ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਲੰਡਨ ਦੌਰੇ ਦੌਰਾਨ ਉਨ੍ਹਾਂ ਦੀ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਨਾਲ ਵਿਸ਼ੇਸ਼ ਮੁਲਾਕਾਤ ਹੋਈ। ਇਸ ਮੌਕੇ ਦੋਵਾਂ ਸ਼ਖ਼ਸੀਅਤਾਂ ਨੇ ਇੱਕ-ਦੂਜੇ ਨੂੰ ਦਸਤਾਰ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸੇਵਾ ਤੇ ਮਨੁੱਖਤਾ ਦੇ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਮੁਲਾਕਾਤ ਦੌਰਾਨ ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਖ਼ਾਲਸਾ ਏਡ ਵੱਲੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਸੇਵਾ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਮੀਡੀਆ ਰਾਹੀਂ ਦੁਨੀਆ ਸਾਹਮਣੇ ਪੇਸ਼ ਕਰਨ ਬਾਰੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਵੀ ਸਿੰਘ ਖ਼ਾਲਸਾ ਨੂੰ ਸਲਾਹ ਦਿੱਤੀ ਕਿ ਖ਼ਾਲਸਾ ਏਡ ਵੱਲੋਂ ਪੰਜਾਬ ਦੇ ਮਾਝਾ ਜਾਂ ਮਾਲਵਾ ਖੇਤਰ ਵਿੱਚ ਅਜਿਹੇ ਸਥਾਨ ‘ਤੇ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਇੱਕ ਉੱਚ ਪੱਧਰੀ ਹਸਪਤਾਲ ਸਥਾਪਤ ਕੀਤਾ ਜਾਵੇ, ਜਿੱਥੋਂ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਇੱਕ ਮਿਆਰੀ ਸਕੂਲ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ, ਤਾਂ ਜੋ ਉਥੇ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਭਵਿੱਖ ਦੇ ਮੌਕੇ ਪ੍ਰਾਪਤ ਹੋ ਸਕਣ।
ਇਹ ਮੁਲਾਕਾਤ ਸੇਵਾ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਵਜੋਂ ਦੇਖੀ ਜਾ ਰਹੀ ਹੈ।
