ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਆਪਣੇ ਪਲੇਟਫਾਰਮ ਤੋਂ ਹਟਾਏ ਜਾਣ ਦੇ ਮਾਮਲੇ ਵਿੱਚ ਮੁਆਫ਼ੀ ਮੰਗ ਲਈ ਹੈ। ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਕਿਸੇ ਨੀਤੀ ਜਾਂ ਕਾਨੂੰਨੀ ਹੁਕਮ ਕਾਰਨ ਨਹੀਂ, ਸਗੋਂ ਇੱਕ ਤਕਨੀਕੀ ਗੜਬੜੀ ਦੀ ਵਜ੍ਹਾ ਨਾਲ ਹੋਈ ਸੀ।
ਮੈਟਾ ਦੇ ਮੁਤਾਬਕ, ਜਿਵੇਂ ਹੀ ਇਸ ਗਲਤੀ ਦੀ ਜਾਣਕਾਰੀ ਮਿਲੀ, ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਵੀਡੀਓ ਨੂੰ ਮੁੜ ਰੀਸਟੋਰ ਕਰ ਦਿੱਤਾ। ਕੰਪਨੀ ਨੇ ਇਸ ਅਸੁਵਿਧਾ ਲਈ ਖੇਦ ਵੀ ਪ੍ਰਗਟਾਇਆ।
ਹਟਾਈ ਗਈ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਦੇ ਮੁੱਦੇ ‘ਤੇ ਆਪਣਾ ਪੱਖ ਰੱਖ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਪ੍ਰੀਖਿਆਵਾਂ ਵਿੱਚ ਧਾਂਧਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ‘ਤੇ ਵੀ ਆਪਣੀ ਗੱਲ ਰੱਖੀ ਸੀ।
ਜਦੋਂ ਇਹ ਵੀਡੀਓ ਕੁਝ ਸਮੇਂ ਲਈ ਫੇਸਬੁੱਕ ਤੋਂ ਗਾਇਬ ਹੋਈ ਤਾਂ ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਕਾਫ਼ੀ ਚਰਚਾ ਛਿੜ ਗਈ। ਕਈ ਲੋਕਾਂ ਨੇ ਇਸ ਦੇ ਹਟਾਏ ਜਾਣ ‘ਤੇ ਸਵਾਲ ਵੀ ਉਠਾਏ।
ਵਧਦੇ ਵਿਵਾਦ ਦੇ ਵਿਚਕਾਰ ਮੈਟਾ ਨੇ ਅਧਿਕਾਰਕ ਬਿਆਨ ਜਾਰੀ ਕਰਕੇ ਕਿਹਾ ਕਿ ਵੀਡੀਓ ਕਿਸੇ ਸਰਕਾਰੀ ਜਾਂ ਕਾਨੂੰਨੀ ਹੁਕਮ ਕਾਰਨ ਨਹੀਂ ਹਟਾਈ ਗਈ ਸੀ। ਕੰਪਨੀ ਨੇ ਇਸ ਨੂੰ ਤਕਨੀਕੀ ਗਲਤੀ ਦੱਸਦਿਆਂ ਮੁਆਫ਼ੀ ਮੰਗੀ ਅਤੇ ਭਰੋਸਾ ਦਿੱਤਾ ਕਿ ਵੀਡੀਓ ਨੂੰ ਤੁਰੰਤ ਮੁੜ ਉਪਲਬਧ ਕਰਵਾ ਦਿੱਤਾ ਗਿਆ ਹੈ।
