ਮੋਹਾਲੀ: ਮੋਹਾਲੀ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਅੱਜ ਸਵੇਰੇ ਹੋਈ ਮੁਠਭੇੜ ਦੌਰਾਨ ਕਰੀਬ 10 ਤੋਂ 15 ਰਾਊਂਡ ਫਾਇਰਿੰਗ ਹੋਈ। ਇਸ ਕਾਰਵਾਈ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ, ਜਦਕਿ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ। ਮੁਠਭੇੜ ਦੌਰਾਨ ਇੱਕ ਗੋਲੀ ਐਸਐਚਓ ਦੀ ਗੱਡੀ ਨੂੰ ਵੀ ਲੱਗੀ।
ਪੁਲਿਸ ਅਨੁਸਾਰ, ਸ਼ਨੀਵਾਰ ਨੂੰ ਥਾਣਾ ਸੋਹਾਣਾ ਇਲਾਕੇ ਵਿੱਚ ਨਸ਼ਾ ਤਸਕਰਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿੱਚ ਦੋ ਕਾਂਸਟੇਬਲ ਜ਼ਖਮੀ ਹੋ ਗਏ ਸਨ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਿਸ ਨੇ ਉਨ੍ਹਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕਰ ਦਿੱਤੀਆਂ।
ਜਾਂਚ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਮੋਹਾਲੀ ਦੇ ਇੱਕ ਇੰਡਸਟਰੀਅਲ ਏਰੀਆ ਵਿੱਚ ਲੁਕੇ ਹੋਏ ਹਨ। ਜਿਵੇਂ ਹੀ ਪੁਲਿਸ ਟੀਮ ਉੱਥੇ ਪਹੁੰਚੀ ਤਾਂ ਦੋਵਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਗਈ। ਜਵਾਬੀ ਕਾਰਵਾਈ ਵਿੱਚ ਜਸਕਰਨ ਅਤੇ ਲਖਵਿੰਦਰ ਜ਼ਖਮੀ ਹੋ ਗਏ, ਜਦਕਿ ਗਗਨ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।
ਜ਼ਖਮੀ ਦੋਸ਼ੀਆਂ ਨੂੰ ਫੇਜ਼-6 ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸਐਸਪੀ ਸੰਦੀਪ ਹੰਸ ਵੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਐਸਐਸਪੀ ਸੰਦੀਪ ਹੰਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਾਰਕੋਟਿਕਸ ਟੀਮ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਕੁਝ ਮੁਲਜ਼ਮਾਂ ਨੂੰ ਕਾਬੂ ਵੀ ਕੀਤਾ ਗਿਆ ਸੀ, ਪਰ ਗੱਡੀ ਵਿੱਚ ਆਏ ਹੋਰ ਸਾਥੀਆਂ ਨੇ ਪੁਲਿਸ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਛੁਡਵਾ ਲਿਆ ਅਤੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਦੋ ਮੁਲਜ਼ਮਾਂ ਨੇ ਖੁਦ ਸਰੈਂਡਰ ਕਰ ਦਿੱਤਾ, ਜਦਕਿ ਗਗਨ, ਜਸਕਰਨ ਅਤੇ ਲਖਵਿੰਦਰ ਨਾਲ ਹੋਈ ਮੁਠਭੇੜ ਦੌਰਾਨ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜਸਕਰਨ ਤੇ ਲਖਵਿੰਦਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਪੁਲਿਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦਾ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਮੋਹਾਲੀ ਦੇ ਗੀਗੇਮਾਜਰਾ ਅਤੇ ਤੰਗੋਰੀ ਪਿੰਡ ਦੇ ਰਹਿਣ ਵਾਲੇ ਹਨ। ਪੁਲਿਸ ‘ਤੇ ਗੋਲੀਬਾਰੀ ਕਰਨ ਵਾਲੇ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
