ਪੰਜਾਬ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਿਤਾਬਾਂ ਖਰੀਦਣ ਦੌਰਾਨ ਪ੍ਰਾਈਵੇਟ ਬੁੱਕ ਸੇਲਰਾਂ ਵੱਲੋਂ ਹੋਣ ਵਾਲੀ ਓਵਰਚਾਰਜਿੰਗ ਤੋਂ ਰਾਹਤ ਦੇਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵੱਡਾ ਕਦਮ ਚੁੱਕਿਆ ਹੈ। ਬੋਰਡ ਨੇ ਆਪਣਾ ‘ਪੁਸਤਕ ਪੋਰਟਲ’ ਨਾਮ ਦਾ ਈ-ਕਾਮਰਸ ਪਲੇਟਫਾਰਮ ਸ਼ੁਰੂ ਕੀਤਾ ਹੈ, ਜਿਸ ਰਾਹੀਂ ਵਿਦਿਆਰਥੀ, ਮਾਪੇ ਅਤੇ ਸਕੂਲ ਸਿੱਧੇ ਆਨਲਾਈਨ ਕਿਤਾਬਾਂ ਮੰਗਵਾ ਸਕਣਗੇ।
PSEB ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀ ਸਹੂਲਤ ਸ਼ੁਰੂ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਸਿੱਖਿਆ ਬੋਰਡ ਹੈ। ਨਵੇਂ ਪੋਰਟਲ ਰਾਹੀਂ ਕਿਤਾਬਾਂ ਦੇ ਪ੍ਰਿੰਟ ਕੀਮਤ ‘ਤੇ ਸਿੱਧੀ 15 ਫੀਸਦੀ ਛੋਟ ਮਿਲੇਗੀ, ਜਿਸ ਨਾਲ ਪੰਜਾਬ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਅਤੇ ਹਰ ਸਾਲ ਲੱਖਾਂ ਰੁਪਏ ਦੀ ਬਚਤ ਸੰਭਵ ਹੋਵੇਗੀ।
ਬੋਰਡ ਦੇ ਚੇਅਰਮੈਨ ਰਿਟਾਇਰਡ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੁਣ ਕੋਈ ਵੀ ਪ੍ਰਾਈਵੇਟ ਵਿਕਰੇਤਾ ਬੋਰਡ ਵੱਲੋਂ ਨਿਰਧਾਰਤ ਕੀਮਤ ਤੋਂ ਵੱਧ ਰਕਮ ਨਹੀਂ ਲੈ ਸਕੇਗਾ। ਸਕੂਲਾਂ ਦੀ ਭੂਮਿਕਾ ਸਿਰਫ਼ ਕਿਤਾਬਾਂ ਦੀ ਵੰਡ ਤੱਕ ਸੀਮਿਤ ਰਹੇਗੀ, ਜਦਕਿ ਵਿਦਿਆਰਥੀ ਆਪਣੀ ਲੋੜ ਮੁਤਾਬਕ ਸਿੱਧਾ ਪੋਰਟਲ ਰਾਹੀਂ ਆਰਡਰ ਕਰ ਸਕਣਗੇ।
ਵਿਦਿਆਰਥੀਆਂ ਦੀ ਸਹੂਲਤ ਲਈ ਬੋਰਡ ਨੇ ਪੰਜਾਬ ਭਰ ਵਿੱਚ 97 ਡਿਲਿਵਰੀ ਅਤੇ ਪਿਕਅੱਪ ਸੈਂਟਰ ਵੀ ਬਣਾਏ ਹਨ। ਜੇਕਰ ਕੋਈ ਵਿਦਿਆਰਥੀ ਜਾਂ ਮਾਪੇ ਇਨ੍ਹਾਂ ਸੈਂਟਰਾਂ ਤੋਂ ਖੁਦ ਕਿਤਾਬਾਂ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ PSEB ਦੇ ਜ਼ਿਲ੍ਹਾ ਦਫ਼ਤਰਾਂ ਤੋਂ ਵੀ ਸਿੱਧੇ 15 ਫੀਸਦੀ ਛੋਟ ‘ਤੇ ਕਿਤਾਬਾਂ ਖਰੀਦੀਆਂ ਜਾ ਸਕਦੀਆਂ ਹਨ।
ਘਰ ਬੈਠੇ ਕਿਤਾਬਾਂ ਮੰਗਵਾਉਣ ਲਈ PSEB ਨੇ ਭਾਰਤੀ ਡਾਕ ਨਾਲ ਸਾਂਝ ਕਰਕੇ ‘ਗਿਆਨ ਪੋਸਟ ਸਕੀਮ’ ਸ਼ੁਰੂ ਕੀਤੀ ਹੈ। ਇਸ ਤਹਿਤ 5 ਕਿਲੋ ਤੱਕ ਦੇ ਪਾਰਸਲ ਬਹੁਤ ਹੀ ਘੱਟ ਡਿਲਿਵਰੀ ਚਾਰਜ ‘ਤੇ ਘਰ ਤੱਕ ਪਹੁੰਚਾਏ ਜਾਣਗੇ।
ਹਾਲਾਂਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪਹਿਲਾਂ ਵਾਂਗ ਮੁਫ਼ਤ ਕਿਤਾਬਾਂ ਦੀ ਸਹੂਲਤ ਜਾਰੀ ਰਹੇਗੀ ਅਤੇ ਸਿੱਖਿਆ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਪਹਿਲਾਂ ਹੀ ਪਹੁੰਚਾਈਆਂ ਜਾ ਚੁੱਕੀਆਂ ਹਨ।
:::
