ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਧਾਨ ਸਭਾ ਵਿਚ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦਾ ਭਾਸ਼ਣ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ ਵਿੱਚ ₹260,437 ਕਰੋੜ ਦਾ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ, “ਇਹ ਬਜਟ ਮਾਵਾਂ ਅਤੇ ਧੀਆਂ ਨੂੰ ਸਮਰਪਿਤ ਹੈ। ਮੈਂ ਇਸ ਬਜਟ ਨੂੰ ਗਰੰਟੀ ਨੂੰ ਪੂਰਾ ਕਰਨ ਵਾਲਾ ਬਜਟ ਕਹਿੰਦਾ ਹਾਂ।” ਵਿੱਤ ਮੰਤਰੀ ਚੀਮਾ ਨੇ ਕਿਹਾ, “2026-27 ਵਿੱਚ ਸਿੱਖਿਆ ਲਈ ₹19,279 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 7% ਵੱਧ ਹੈ।”
ਕਲਾਸਰੂਮ ਸਿੱਖਿਆ ਦੇ ਨਤੀਜਿਆਂ ਵਿਚ ਪੰਜਾਬ ਦੇਸ਼ ਭਰ ਵਿਚ ਪਹਿਲੇ ਸਥਾਨ ‘ਤੇ ਹੈ ਤੇ ਕੇਰਲਾ ਵਰਗੇ ਰਾਜਾਂ ਨੂੰ ਵੀ ਪਛਾੜ ਦਿੱਤਾ ਹੈ। ਸਿੱਖਿਆ ਇਨਕਲਾਬ 2.0 ਦੇ ਤਹਿਤ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਗਲੇ ਛੇ ਸਾਲਾਂ ਵਿਚ ₹3,500 ਕਰੋੜ ਖਰਚ ਕੀਤੇ ਜਾਣਗੇ। ਸ੍ਰੀ ਆਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਇਕ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ ਰਾਸ਼ਟਰੀ ਪੱਧਰ ‘ਤੇ ਮੋਹਰੀ ਸਥਾਨ ਹਾਸਲ ਕਰਨ ਤੋਂ ਬਾਅਦ ਅਸੀਂ ਹੁਣ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਗਲੋਬਲ ਬੈਂਚਮਾਰਕ ਲਈ ਤਿਆਰ ਕਰ ਰਹੇ ਹਾਂ। ਇੱਕ ਨਿਰਣਾਇਕ ਮੀਲ ਪੱਥਰ ਵਜੋਂ ਪੰਜਾਬ ਸਰਕਾਰ ਨੇ ਸਿੱਖਿਆ ਪ੍ਰਣਾਲੀ ਨੂੰ ਬਦਲਣ ਲਈ ‘ਸਿੱਖਿਆ ਕ੍ਰਾਂਤੀ 2.0’ ਪਹਿਲਕਦਮੀ ਲਾਂਚ ਕਰਨ ਦਾ ਫੈਸਲਾ ਕੀਤਾ ਹੈ ਇਸ ਦੇ ਵਾਸਤੇ ਅਗਲੇ 6 ਸਾਲਾਂ ਦੌਰਾਨ 3,500 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ। ਅਸੀਂ ਸਕੂਲੀ ਸਿੱਖਿਆ ਦੇ ਕਾਇਆ-ਕਲਪ ਲਈ ਵਿਸ਼ਵ ਬੈਂਕ ਨਾਲ ਇਤਿਹਾਸਕ ਕੋਲੈਬੋਰੇਸ਼ਨ ਕੀਤਾ ਹੈ।
ਇਹ ਪੰਜਾਬ ਦੇ ਇਤਿਹਾਸ ਵਿੱਚ ਸਿੱਖਿਆ ਸੁਧਾਰਾਂ ਲਈ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਹੈ। ਇਹ ਮਿਸ਼ਨ ਬੁਨਿਆਦੀ ਸਾਖਰਤਾ ਅਤੇ ਅੰਕ ਗਿਆਨ ਨੂੰ ਮਜ਼ਬੂਤ ਕਰੇਗਾ, ਵਿਗਿਆਨ ਅਤੇ ਕਾਮਰਸ ਵਿਸ਼ਿਆਂ ਦਾ ਵਿਸਥਾਰ ਕਰੇਗਾ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਸ਼ਕਤ ਕਰੇਗਾ, ਕਰੀਅਰ ਕਾਊਂਸਲਿੰਗ ਨੂੰ ਸੰਸਥਾਗਤ ਰੂਪ ਦੇਵੇਗਾ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਨੂੰ ਆਧੁਨਿਕ ਬਣਾਵੇਗਾ। ਪੰਜਾਬ ਸਿਰਫ਼ ਸਕੂਲਾਂ ਵਿੱਚ ਸੁਧਾਰ ਨਹੀਂ ਕਰ ਰਿਹਾ ਸਗੋਂ ਅਸੀਂ ਅਗਲੀ ਪੀੜ੍ਹੀ ਲਈ ਪੂਰੇ ਸਿੱਖਿਆ ਈਕੋਸਿਸਟਮ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰ ਰਹੇ ਹਾਂ।
ਪੰਜਾਬ ਸਰਕਾਰ ਰਾਜ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਗਡਵਾਸੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਉਨ੍ਹਾਂ ਦੇ ਸੰਘਟਕ ਕਾਲਜ ਸ਼ਾਮਲ ਹਨ, ਦੀ ਮਜ਼ਬੂਤੀ ਅਤੇ ਵਿਕਾਸ ਨੂੰ ਤਰਜੀਹ ਦਿੰਦੀ ਰਹੇਗੀ। ਇਨ੍ਹਾਂ ਸੰਸਥਾਵਾਂ ਵਿੱਚ ਅਕਾਦਮਿਕ ਉੱਤਮਤਾ, ਖੋਜ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਵਿੱਤੀ ਸਾਲ 2026-27 ਵਿੱਚ 1,760 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ।
