ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਵਧਦੀ ਸਫ਼ਲਤਾ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਕੀਤਾ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (PACE) ਪਹਿਲਕਦਮੀ ਤਹਿਤ ਜੇਈਈ (ਮੇਨ), ਜੇਈਈ (ਐਡਵਾਂਸਡ) ਅਤੇ ਨੀਟ ਯੂਜੀ-2026 ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਪੰਜਾਬ ਸਿੱਖਿਆ ਕ੍ਰਾਂਤੀ ਕਾਰਨ ਸਰਕਾਰੀ ਸਕੂਲ ਹੁਣ ਦੇਸ਼ ਦੀਆਂ ਪ੍ਰਮੁੱਖ ਤਕਨੀਕੀ ਅਤੇ ਮੈਡੀਕਲ ਸੰਸਥਾਵਾਂ ਤੱਕ ਪਹੁੰਚ ਦਾ ਮਜ਼ਬੂਤ ਮਾਧਿਅਮ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ 361 ਵਿਦਿਆਰਥੀਆਂ ਨੇ ਜੇਈਈ (ਮੇਨ), 64 ਨੇ ਜੇਈਈ (ਐਡਵਾਂਸਡ) ਅਤੇ 882 ਵਿਦਿਆਰਥੀਆਂ ਨੇ ਨੀਟ ਯੂਜੀ ਪ੍ਰੀਖਿਆ ਪਾਸ ਕੀਤੀ ਹੈ। ਨੀਟ ਵਿੱਚ ਸਫ਼ਲ ਵਿਦਿਆਰਥੀਆਂ ਦੀ ਗਿਣਤੀ ਦੋ ਸਾਲਾਂ ਵਿੱਚ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ, ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਸੁਧਰੇ ਮਿਆਰ ਨੂੰ ਦਰਸਾਉਂਦੀ ਹੈ।
10 ਵਿਦਿਆਰਥੀਆਂ ਨੇ ਆਈਆਈਟੀ, 36 ਨੇ ਐਨਆਈਟੀ ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਲੈਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਇਹ ਪ੍ਰਾਪਤੀਆਂ ਸਾਬਤ ਕਰਦੀਆਂ ਹਨ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਦੇਸ਼ ਦੀਆਂ ਸਰਵੋਤਮ ਸੰਸਥਾਵਾਂ ਵਿੱਚ ਦਾਖਲੇ ਲਈ ਸਫ਼ਲਤਾਪੂਰਵਕ ਮੁਕਾਬਲਾ ਕਰ ਰਹੇ ਹਨ।
ਸਕੂਲ ਦੀ ਸਫ਼ਲਤਾ ਵਿੱਚ ਪ੍ਰਿੰਸੀਪਲ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਰਪਿਤ ਪ੍ਰਿੰਸੀਪਲ ਆਮ ਸਕੂਲ ਨੂੰ ਵੀ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦਾ ਹੈ, ਜਦਕਿ ਸਿੱਖਿਆ ਪ੍ਰਤੀ ਵਚਨਬੱਧਤਾ ਤੋਂ ਬਿਨਾਂ ਚੰਗੀਆਂ ਨੀਤੀਆਂ ਵੀ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕਦੀਆਂ।
ਜੂਨ 2026 ਦੌਰਾਨ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿੱਚ ਚਾਰ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ 3,000 ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਦੀ ਤਿਆਰੀ ਲਈ ਵਿਸ਼ੇਸ਼ ਮਾਰਗਦਰਸ਼ਨ, ਮੌਕ ਟੈਸਟ, ਮੈਨਟੋਰਿੰਗ ਅਤੇ ਅਕਾਦਮਿਕ ਸਹਾਇਤਾ ਦਿੱਤੀ ਗਈ।
ਸਿਰਫ਼ ਸ਼ਾਨਦਾਰ ਇਮਾਰਤਾਂ ਉਸਾਰਨ ਨਾਲ ਸਕੂਲ ਨਹੀਂ ਬਣਦੇ, ਬਲਕਿ ਸਮਰਪਿਤ ਅਧਿਆਪਕ ਹੀ ਉਨ੍ਹਾਂ ਨੂੰ ਗਿਆਨ, ਸਿੱਖਣ ਅਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੇਂਦਰ ਬਣਾਉਂਦੇ ਹਨ। ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ ਮਾਹਰ ਕੋਚਿੰਗ, ਸੁਚੱਜਾ ਅਕਾਦਮਿਕ ਮਾਰਗਦਰਸ਼ਨ, ਨਿਰੰਤਰ ਮੁਲਾਂਕਣ ਅਤੇ ਰਿਹਾਇਸ਼ੀ ਕੋਚਿੰਗ ਪ੍ਰੋਗਰਾਮਾਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਇਨ੍ਹਾਂ ਉਪਰਾਲਿਆਂ ਦੇ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੇ.ਈ.ਈ., ਨੀਟ ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਲਗਾਤਾਰ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
ਸਰਕਾਰੀ ਸਕੂਲ ਹੁਣ ਲੱਖਾਂ ਵਿਦਿਆਰਥੀਆਂ ਲਈ ਆਈਆਈਟੀ, ਐਨਆਈਟੀ, ਮੈਡੀਕਲ ਕਾਲਜਾਂ ਅਤੇ ਬਿਹਤਰ ਭਵਿੱਖ ਵੱਲ ਜਾਣ ਦਾ ਮਜ਼ਬੂਤ ਰਾਹ ਬਣ ਚੁੱਕੇ ਹਨ।
