ਪੰਜਾਬ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕੁਝ ਰਾਹਤ ਦਿਵਾਈ ਹੈ। ਮੌਸਮ ਵਿਭਾਗ ਨੇ ਅੱਜ, 3 ਸਤੰਬਰ ਤੋਂ 5 ਸਤੰਬਰ ਤੱਕ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਅਤੇ ਇਸ ਸਬੰਧ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ, ਚੰਡੀਗੜ੍ਹ ਵਿਚ ਅਸਮਾਨ ਅੰਸ਼ਕ ਤੌਰ ‘ਤੇ ਬੱਦਲਵਾਈ ਵਾਲਾ ਰਹੇਗਾ ਅਤੇ ਇਕਾ ਦੁਕਾ ਥਾਵਾਂ ‘ਤੇ ਬਿਜਲੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਵੱਧ ਤੋਂ ਵੱਧ ਤਾਪਮਾਨ ਵਿਚ 0.1 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਹੁਣ ਆਮ ਪੱਧਰ ਦੇ ਨੇੜੇ ਪਹੁੰਚ ਰਿਹਾ ਹੈ।
ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ। ਮਾਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ 37 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ।
ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ 20 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਕਈ ਸਥਾਨਾਂ ‘ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ। ਇਸ ਤੋਂ ਇਲਾਵਾ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ।
ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਵੀ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿਚ ਮੰਗਲਵਾਰ ਰਾਤ ਇਕ ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ, ਪੰਚਕੂਲਾ ਅਤੇ ਮੋਹਾਲੀ ਵਿੱਚ ਵੀ ਰਾਤ ਵੇਲੇ ਮੀਂਹ ਪਿਆ, ਜਦਕਿ ਲੁਧਿਆਣਾ, ਪਟਿਆਲਾ ਅਤੇ ਚਮਕੌਰ ਸਾਹਿਬ ਵਿੱਚ ਦਿਨ ਵੇਲੇ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ, ਅੱਜ ਸਵੇਰ ਤੋਂ ਹੀ ਅਸਮਾਨ ਬੱਦਲਵਾਈ ਵਾਲਾ ਰਿਹਾ ਹੈ ਅਤੇ ਮੌਸਮ ਠੰਢਾ ਬਣਿਆ ਹੋਇਆ ਹੈ।
ਮਾਨਸੂਨ ਟਰੱਫ ਬਠਿੰਡਾ ਦੇ ਉੱਪਰੋਂ ਲੰਘ ਰਹੀ ਹੈ ਅਤੇ ਪੰਜਾਬ ਵਿੱਚ ਮੌਸਮ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਪ੍ਰਣਾਲੀ ਕਾਰਨ ਸੂਬੇ ਦੇ ਕੁਝ ਹਿੱਸਿਆਂ, ਖਾਸ ਕਰਕੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਗਤੀਵਿਧੀ ਵਧ ਸਕਦੀ ਹੈ। ਇਸ ਦੇ ਨਾਲ ਹੀ, ਉੱਤਰ-ਪੱਛਮੀ ਉੱਤਰ ਪ੍ਰਦੇਸ਼ ਤੋਂ ਬੰਗਾਲ ਤੱਕ ਫੈਲੀ ਇੱਕ ਹੋਰ ਟਰੱਫ ਵੀ ਮਾਨਸੂਨ ਨੂੰ ਸਰਗਰਮ ਰੱਖਣ ਵਿੱਚ ਮਦਦ ਕਰ ਰਹੀ ਹੈ। ਇਸ ਪ੍ਰਭਾਵ ਕਾਰਨ ਚੰਡੀਗੜ੍ਹ ਵਿੱਚ ਵੀ ਬੱਦਲਵਾਈ ਰਹਿਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਸ਼ਹਿਰ ਲਈ ਭਾਰੀ ਮੀਂਹ ਪੈਣ ਦੇ ਕੋਈ ਸੰਕੇਤ ਨਹੀਂ ਹਨ।
ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਗਿਰਾਵਟ ਆਈ ਹੈ। ਵੀਰਵਾਰ ਸਵੇਰੇ ਬਿਜਲੀ ਦੀ ਮੰਗ 12,789 ਮੈਗਾਵਾਟ ਦਰਜ ਕੀਤੀ ਗਈ। ਰਾਜ ਵੱਲੋਂ 4,793 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਦਕਿ ਲਗਭਗ 7,997 ਮੈਗਾਵਾਟ ਬਿਜਲੀ ਬਾਹਰੋਂ ਲਈ ਜਾ ਰਹੀ ਹੈ।
