ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਰੂਸ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਹੋਈ ਵੱਡੀ ਠੱਗੀ ਦਾ ਖੁਲਾਸਾ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਸਥਾਨਕ ਏਜੰਟ ਨੇ 6 ਲੱਖ ਰੁਪਏ ਲੈ ਕੇ ਮੋਟੀ ਤਨਖ਼ਾਹ ਵਾਲੀ ਨੌਕਰੀ ਦਾ ਝਾਂਸਾ ਦਿੱਤਾ, ਪਰ ਰੂਸ ਪਹੁੰਚਣ ‘ਤੇ ਨਾ ਨੌਕਰੀ ਮਿਲੀ ਅਤੇ ਨਾ ਹੀ ਰਹਿਣ ਦਾ ਕੋਈ ਪ੍ਰਬੰਧ ਕੀਤਾ ਗਿਆ।
ਆਕਾਸ਼ਦੀਪ ਨੇ ਦੱਸਿਆ ਕਿ ਏਜੰਟ ਨੇ ਪਹਿਲਾਂ ਉਸ ਨੂੰ ਜਾਅਲੀ ਹਵਾਈ ਟਿਕਟ ਦਿੱਤੀ ਅਤੇ ਬਾਅਦ ਵਿੱਚ 15 ਜੂਨ ਨੂੰ ਮਾਸਕੋ ਭੇਜਿਆ। ਉੱਥੇ ਕੋਈ ਲੈਣ ਨਹੀਂ ਆਇਆ ਅਤੇ ਉਸ ਨੂੰ ਖੁਦ ਹੀ ਦਿੱਤੇ ਪਤੇ ‘ਤੇ ਜਾਣ ਲਈ ਕਿਹਾ ਗਿਆ। ਉੱਥੇ ਹਰਿਆਣਾ ਅਤੇ ਰਾਜਸਥਾਨ ਦੇ ਹੋਰ ਨੌਜਵਾਨਾਂ ਨਾਲ ਇੱਕ ਬਹੁਤ ਛੋਟੇ ਕਮਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ, ਜਿੱਥੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ।
ਉਸ ਨੇ ਦੱਸਿਆ ਕਿ ਉਨ੍ਹਾਂ ਤੋਂ ਜ਼ਬਰਦਸਤੀ ਭਾਰੀ ਨਿਰਮਾਣ ਕੰਮ ਕਰਵਾਇਆ ਗਿਆ ਅਤੇ ਇਨਕਾਰ ਕਰਨ ‘ਤੇ ਧਮਕੀਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 20 ਤੋਂ 30 ਲੱਖ ਰੁਪਏ ਦਾ ਲਾਲਚ ਦੇ ਕੇ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਵੀ ਕਿਹਾ ਗਿਆ।
ਆਕਾਸ਼ਦੀਪ ਮੁਤਾਬਕ, ਇੱਕ ਦਿਨ ਨਿਰਮਾਣ ਸਾਈਟ ‘ਤੇ ਛਾਪੇਮਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਹੋਰ ਨੌਜਵਾਨਾਂ ਨਾਲ ਜੰਗਲਾਂ ਵਿੱਚ ਲੁਕ ਗਿਆ। ਉਹ 2-3 ਦਿਨ ਭੁੱਖੇ-ਪਿਆਸੇ ਰਹੇ ਅਤੇ ਡਰੋਨਾਂ ਤੋਂ ਬਚਣ ਲਈ ਰਾਤ ਭਰ ਵਾਰੀ-ਵਾਰੀ ਪਹਿਰਾ ਦਿੰਦੇ ਰਹੇ। ਬਾਅਦ ਵਿੱਚ ਇੱਕ ਸਥਾਨਕ ਰੂਸੀ ਵਿਅਕਤੀ ਦੀ ਮਦਦ ਨਾਲ ਉਹ ਮਾਸਕੋ ਪਹੁੰਚਿਆ।
ਭਾਰਤ ਵਾਪਸ ਆਉਣ ਲਈ ਉਸ ਦੇ ਪਰਿਵਾਰ ਨੂੰ ਬਾਈਕ ਅਤੇ ਪਤਨੀ ਦੇ ਗਹਿਣੇ ਵੇਚਣੇ ਪਏ, ਜਿਸ ਨਾਲ 95 ਹਜ਼ਾਰ ਰੁਪਏ ਦੀ ਟਿਕਟ ਦਾ ਪ੍ਰਬੰਧ ਹੋ ਸਕਿਆ। ਉਹ 2 ਜੁਲਾਈ ਨੂੰ ਸੁਰੱਖਿਅਤ ਭਾਰਤ ਪਰਤ ਆਇਆ।
ਵਾਪਸੀ ਤੋਂ ਬਾਅਦ ਜਦੋਂ ਉਸ ਨੇ ਏਜੰਟ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਕਥਿਤ ਤੌਰ ‘ਤੇ ਉਸ ਨੂੰ ਧਮਕੀਆਂ ਮਿਲੀਆਂ। ਆਕਾਸ਼ਦੀਪ ਨੇ ਐਂਟੀ ਫਰਾਡ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਏਜੰਟ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਆਪਣੇ ਪੈਸਿਆਂ ਦੀ ਵਸੂਲੀ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਕਰਜ਼ਾ ਹੁਣ 8 ਲੱਖ ਰੁਪਏ ਤੱਕ ਪਹੁੰਚ ਚੁੱਕਾ ਹੈ ਅਤੇ ਉਸ ਦੇ ਪਰਿਵਾਰ ਵਿੱਚ ਪਤਨੀ, 5 ਸਾਲ ਦਾ ਬੱਚਾ ਅਤੇ ਮਾਂ ਹਨ, ਜਦਕਿ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।
