ਪੰਜਾਬ ਸਕੂਲ ਸਿਖਿਆ ਬੋਰਡ ਨੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਸ਼ਾ, ਗਰੁੱਪ ਜਾਂ ਸਟਰੀਮ ਬਦਲਣ ਸਬੰਧੀ ਨਿਯਮਾਂ ਵਿਚ ਅਹਿਮ ਸੋਧ ਕੀਤੀ ਹੈ। ਨਵੇਂ ਨਿਯਮਾਂ ਤਹਿਤ ਵਿਦਿਆਰਥੀਆਂ ਨੂੰ 11ਵੀਂ ਜਮਾਤ ਦੌਰਾਨ ਹੀ ਅਪਣੀ ਵਿਸ਼ਾ ਚੋਣ ਜਾਂ ਸਟਰੀਮ ਵਿਚ ਤਬਦੀਲੀ ਕਰਨ ਦਾ ਮੌਕਾ ਮਿਲੇਗਾ, ਜਦਕਿ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ 12ਵੀਂ ਵਿਚ ਅਜਿਹਾ ਬਦਲਾਅ ਨਹੀਂ ਕੀਤਾ ਜਾ ਸਕੇਗਾ।
ਬੋਰਡ ਨੇ ਇਸ ਸਬੰਧੀ ਸੋਧੇ ਹੋਏ ਨਿਯਮ ਜਾਰੀ ਕਰ ਦਿਤੇ ਹਨ। ਇਹ ਫ਼ੈਸਲਾ ਬੋਰਡ ਦੀ 6 ਅਗੱਸਤ 2026 ਨੂੰ ਹੋਈ ਬੋਰਡ ਆਫ਼ ਡਾਇਰੈਟਰਜ਼ ਦੀ ਬੈਠਕ ਦੌਰਾਨ ਮੱਦ ਨੰਬਰ 7 ਦੀ ਰੌਸ਼ਨੀ ਵਿਚ ਲਿਆ ਗਿਆ ਹੈ। ਬੋਰਡ ਦੀਆਂ ਨਵੀਆਂ ਹਦਾਇਤਾਂ ਮੁਤਾਬਕ 11ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੋਈ ਵੀ ਉਮੀਦਵਾਰ ਅਪਣਾ ਗਰੁੱਪ ਨਹੀਂ ਬਦਲ ਸਕੇਗਾ।
ਇਸੇ ਤਰ੍ਹਾਂ ਉਸੇ ਗਰੁੱਪ ਵਿਚ ਵਿਸ਼ਾ ਬਦਲਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। 12ਵੀਂ ਜਮਾਤ ਵਿਚ ਦਾਖ਼ਲੇ ਤੋਂ ਬਾਅਦ ਸਟਰੀਮ ਬਦਲਣ ਦੀ ਗੁੰਜਾਇਸ਼ ਵੀ ਨਹੀਂ ਰਹੇਗੀ। ਵੇਰਵਿਆਂ ਅਨੁਸਾਰ ਅਕਾਦਮਕ ਸਾਲ 2026-27 ਤੋਂ ਹੀ ਲਾਗੂ ਹੋਵੇਗਾ ਜਿਸ ਵਿਚ 11ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ, ਗਰੁੱਪ ਜਾਂ ਸਟਰੀਮ ਬਦਲਣ ਦੀ ਆਖਰੀ ਤਾਰੀਖ 30 ਸਤੰਬਰ ਨਿਰਧਾਰਤ ਕੀਤੀ ਹੈ।
ਇਸ ਮਿਆਦ ਦੌਰਾਨ ਵਿਦਿਆਰਥੀ ਅਪਣੀ ਸੰਸਥਾ ਦੇ ਮੁਖੀ ਦੀ ਮਨਜ਼ੂਰੀ ਨਾਲ ਲੋੜੀਂਦੀ ਤਬਦੀਲੀ ਕਰਵਾ ਸਕੇਗਾ। ਇਸ ਤਰ੍ਹਾਂ ਵਿਦਿਆਰਥੀਆਂ ਨੂੰ 11ਵੀਂ ਜਮਾਤ ਦੇ ਦੌਰਾਨ ਹੀ ਅਪਣੀ ਪੜ੍ਹਾਈ ਨਾਲ ਸਬੰਧਤ ਚੋਣ ਨੂੰ ਅੰਤਮ ਰੂਪ ਦੇਣਾ ਹੋਵੇਗਾ। ਬੋਰਡ ਵਲੋਂ ਨਿਯਮਾਂ ਵਿਚ ਕੀਤੀ ਇਸ ਸੋਧ ਨਾਲ 11ਵੀਂ ਤੋਂ 12ਵੀਂ ਜਮਾਤ ਵਿਚ ਜਾਣ ਵਾਲੇ ਵਿਦਿਆਰਥੀਆਂ ਲਈ ਵਿਸ਼ਾ ਚੋਣ ਦੀ ਸਥਿਤੀ ਸਪੱਸ਼ਟ ਕਰ ਦਿਤੀ ਗਈ ਹੈ। ਹੁਣ 11ਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਅਗਲੀ ਜਮਾਤ ਵਿਚ ਅਪਣੀ ਵਿਸ਼ਾ ਚੋਣ ਬਦਲਣ ਦਾ ਮੌਕਾ ਨਹੀਂ ਮਿਲੇਗਾ। ਬੋਰਡ ਨੇ ਨਵੀਆਂ ਹਦਾਇਤਾਂ ਦੀ ਜਾਣਕਾਰੀ ਸਬੰਧਤ ਵਿਭਾਗੀ ਅਧਿਕਾਰੀਆਂ ਤੇ ਸਿਖਿਆ ਸੰਸਥਾਵਾਂ ਨੂੰ ਵੀ ਭੇਜ ਦਿਤੀ ਹੈ। ਇਸ ਨਾਲ ਵਿਦਿਆਰਥੀਆਂ ਦੀ ਵਿਸ਼ਾ ਚੋਣ ਦਾ ਰਿਕਾਰਡ 11ਵੀਂ ਜਮਾਤ ਦੌਰਾਨ ਹੀ ਨਿਰਧਾਰਤ ਹੋ ਜਾਵੇਗਾ ਤੇ 12ਵੀਂ ਵਿਚ ਦਾਖ਼ਲੇ ਸਮੇਂ ਇਸ ਸਬੰਧੀ ਤਬਦੀਲੀ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ।
