ਆਸਟ੍ਰੇਲੀਆ ਦੇ ਦੌਰੇ ’ਤੇ ਆਏ ਪ੍ਰਸਿੱਧ ਪੰਜਾਬੀ ਲੋਕ ਗਾਇਕ ਅਤੇ ਭੰਗੜਾ ਕਲਾਕਾਰ ਪੰਮੀ ਬਾਈ ‘ਭੰਗੜਾ ਡਾਊਨ ਅੰਡਰ’ ਦੇ ਭੰਗੜਾ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰੇ ਦੌਰਾਨ ਮੈਲਬੌਰਨ ਸਥਿਤ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੰਜਾਬੀ ਲੋਕ ਗਾਇਕੀ, ਲੋਕ ਕਲਾ ਅਤੇ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਲੀ ਟਾਰਲਾਮਿਸ ਓਏਐੱਮ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ।
ਇਸ ਮੌਕੇ ਪੰਮੀ ਬਾਈ ਨੂੰ ਪਾਰਲੀਮੈਂਟ ਦਾ ਦੌਰਾ ਵੀ ਕਰਵਾਇਆ ਗਿਆ। ਸੰਸਦ ਮੈਂਬਰ ਲੀ ਟਾਰਲਾਮਿਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ, ਗਾਇਕੀ ਅਤੇ ਪੰਜਾਬੀ ਲੋਕ ਕਲਾ ਨਾਲ ਜੁੜੇ ਤਜਰਬੇ ਸਾਂਝੇ ਕੀਤੇ। ਪੰਮੀ ਬਾਈ ਨੇ ਇਸ ਸਨਮਾਨ ਲਈ ਸੰਸਦ ਮੈਂਬਰ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ, ਲੋਕ ਕਲਾ ਅਤੇ ਵਿਰਸੇ ਦੀ ਸੇਵਾ ਕਰਨਾ ਉਨ੍ਹਾਂ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਪੰਜਾਬੀ ਸੱਭਿਆਚਾਰ ਨੂੰ ਮਿਲਦਾ ਸਨਮਾਨ ਸਮੁੱਚੇ ਪੰਜਾਬੀ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਦਾ ਪਲ ਹੈ।
