ਤਿੰਨ ਦਹਾਕਿਆ ਤੋਂ ਵੱਧ ਸਿਹਤ ਸਹੂਲਤਾਂ ਲਈ ਵਚਨਬੱਧ ‘ਨਰੇਸ਼ ਹਸਪਤਾਲ ਤਪਾ ਮੰਡੀ’ ਦੀਆਂ ਬੇਮਿਸਾਲ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਾਗਰਣ ਗਰੁੱਪ ਦੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ’ਚ ਪੰਜਾਬ ਸਰਕਾਰ ਦੇ ਵਿੱਖ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾ ਆਰੂਸ਼ ਬਾਂਸਲ ਤੇ ਡਾ. ਸ੍ਰੇਆ ਜੈਨ ਨੂੰ ‘ਰਤਨ ਪੰਜਾਬ ਦੇ’ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਜਾਗਰਣ ਗਰੁੱਪ ਦੇ ਸੀਜੀਐਮ ਮਹਿੰਦਰ ਜੀ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਮੰਚ ’ਤੇ ਹਾਜ਼ਰ ਸਨ। ਇਹ ਸਨਮਾਨ ਹਸਪਤਾਲ ਵੱਲੋਂ ਮਾਨਵ-ਸੇਵਾ ਦੇ ਖੇਤਰ ‘ਚ ਪਾਏ ਵੱਡੇ ਯੋਗਦਾਨ ਦੀ ਪ੍ਰਤੱਖ ਗਵਾਹੀ ਭਰਦਾ ਹੈ। ਇਸ ਐਵਾਰਡ ਮਿਲਣ ’ਤੇ ਅਦਾਰਾ ਪੰਜਾਬੀ ਜਾਗਰਣ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਨਰੇਸ਼ ਹਸਪਤਾਲ ਦੀ ਸਥਾਪਨਾ ਸਾਲ 1993 ‘ਚ ਤਪਾ ਵਿਖੇ ਹੋਈ ਸੀ।
ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਨਰੇਸ਼ ਬਾਂਸਲ ਤੇ ਡਾ. ਮੁਕਤਾ ਬਾਂਸਲ ਨੇ ਕਿਹਾ ਸਾਡਾ ਮੁੱਖ ਉਦੇਸ਼ ਹਮੇਸ਼ਾ ਇਹ ਰਿਹਾ ਹੈ ਕਿ ਲੋਕਾਂ ਨੂੰ ਭਰੋਸੇਯੋਗ, ਮਿਆਰੀ ਤੇ ਸਮੇਂ ਸਿਰ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਹੀ ਸ਼ਹਿਰ ‘ਚ ਮਿਲ ਸਕਣ, ਤਾਂ ਜੋ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੂਰ-ਦੁਰਾਡੇ ਭਟਕਣਾ ਨਾ ਪਵੇ। ਮੈਡੀਸਨ ਤੇ ਅੰਦਰੂਨੀ ਬੀਮਾਰੀਆਂ ਦੇ ਖੇਤਰ ‘ਚ ਇੱਕ ਪ੍ਰਸਿੱਧ ਨਾਂ ਡਾਕਟਰ ਡਾ. ਆਰੂਸ਼ ਬਾਂਸਲ ਨੇ ਡਾਕਟਰੀ ਦੀ ਮੁੱਢਲੀ ਪੜ੍ਹਾਈ ਐਮਬੀਬੀਐਸ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਪੀਆਈਐਮਐਸ, ਜਲੰਧਰ ਤੋਂ ਪੂਰੀ ਕੀਤੀ।
