Amit Shah Punjab Visit: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 20 ਅਕਤੂਬਰ ਨੂੰ ਪੰਜਾਬ ਦੇ ਦੌਰੇ ਦੌਰਾਨ ਗੁਰਦਾਸਪੁਰ, ਸੰਗਰੂਰ, ਮਾਨਸਾ ਅਤੇ ਲੁਧਿਆਣਾ ਜਾਣਗੇ। ਇਸ ਦੌਰਾਨ ਉਹ ਵੱਖ-ਵੱਖ ਥਾਵਾਂ ’ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਆਖ਼ਰੀ ਪੜਾਅ ਵਿੱਚ ਉਹ ਲੁਧਿਆਣਾ ਦੇ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਵਿੱਚ ਦਸਹਿਰਾ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸੋਧੇ ਹੋਏ ਪ੍ਰੋਗਰਾਮ ਮੁਤਾਬਕ ਉਨ੍ਹਾਂ ਦਾ ਦੌਰਾ ਸਵੇਰ ਤੋਂ ਸ਼ਾਮ ਤੱਕ ਰੁਝੇਵਿਆਂ ਭਰਿਆ ਰਹੇਗਾ।
ਤਿੰਨ ਜ਼ਿਲ੍ਹਿਆਂ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਗੇ
ਪ੍ਰੋਗਰਾਮ ਅਨੁਸਾਰ ਅਮਿਤ ਸ਼ਾਹ ਸਵੇਰੇ 10.35 ਵਜੇ ਦਿੱਲੀ ਸਥਿਤ ਕ੍ਰਿਸ਼ਨਾ ਮੈਨਨ ਮਾਰਗ ਤੋਂ ਰਵਾਨਾ ਹੋਣਗੇ ਅਤੇ 10.55 ਵਜੇ ਪਾਲਮ ਦੇ ਹਵਾਈ ਸੈਨਾ ਤਕਨੀਕੀ ਹਵਾਈ ਅੱਡੇ ’ਤੇ ਪਹੁੰਚਣਗੇ। ਉੱਥੋਂ ਜਹਾਜ਼ ਰਾਹੀਂ ਰਵਾਨਾ ਹੋ ਕੇ ਉਹ ਦੁਪਹਿਰ 12 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਮਾੜੀ ਪੰਨੂਆਂ ਜਾਣਗੇ। ਉੱਥੇ ਦੁਪਹਿਰ 12.45 ਤੋਂ 1 ਵਜੇ ਤੱਕ ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ।
