ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ, ਇਸ ਲਈ ਭਾਜਪਾ ਨੇ ਉਨ੍ਹਾਂ ਦੇ ਪਿੱਛੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਲਾਇਆ ਹੋਇਆ ਹੈ। ਵਿਰੋਧੀ ਪਾਰਟੀਆਂ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸੱਤਾ ’ਤੇ ਕਾਬਜ਼ ਹੋ ਕੇ ਸੂਬੇ ਨੂੰ ਲੁੱਟਣਾ ਚਾਹੁੰਦੀਆਂ ਹਨ। ਸੀਐੱਮ ਮਾਨ ਸ਼ਨਿੱਚਰਵਾਰ ਨੂੰ ਹਲਕਾ ਲਹਿਰਾਗਾਗਾ ਦੇ ਪਿੰਡ ਬੱਲਰਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਮਾਨਦਾਰੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਉਨ੍ਹਾਂ ਦੀ ਤਾਕਤ ਹੈ। ਉਹ ਸੂਬੇ ਦੇ ਹੱਕਾਂ, ਲੋਕਾਂ ਦੇ ਸਨਮਾਨ ਅਤੇ ਅਗਲੀ ਪੀੜ੍ਹੀ ਦੇ ਬਿਹਤਰ ਭਵਿੱਖ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲੇ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੀ, ਸਗੋਂ ਲੋਕ ਭਲਾਈ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ 70,680 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪੰਜਾਬ ਵਿੱਚ ਪਹਿਲੀ ਵਾਰ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਸਿਆਸੀ ਸਿਫ਼ਾਰਸ਼ ਦੇ ਯੋਗਤਾ ਦੇ ਆਧਾਰ ’ਤੇ ਰੁਜ਼ਗਾਰ ਮਿਲ ਰਿਹਾ ਹੈ। ਪਹਿਲਾਂ ਨੌਜਵਾਨਾਂ ਨੂੰ ਲੱਗਦਾ ਸੀ ਕਿ ਸਰਕਾਰੀ ਨੌਕਰੀ ਲੈਣ ਲਈ ਪੈਸੇ ਜਾਂ ਸਿਆਸੀ ਪਹੁੰਚ ਜ਼ਰੂਰੀ ਹੈ, ਪਰ ਸਰਕਾਰ ਇਸ ਸੋਚ ਨੂੰ ਬਦਲ ਰਹੀ ਹੈ। ਕਿਸੇ ਵੀ ਯੋਗ ਉਮੀਦਵਾਰ ਨੂੰ ਨੌਕਰੀ ਹਾਸਲ ਕਰਨ ਲਈ ਕਿਸੇ ਆਗੂ ਕੋਲ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ।
