ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ’ਚ ਸ਼ੁਰੂ ਹੋਇਆ ਹੰਗਾਮਾ ਪੁਲਿਸ ਜਾਂਚ ’ਚ ਪਹਿਲੀ ਨਜ਼ਰੇ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ। ਸੂਤਰਾਂ ਮੁਤਾਬਕ ਪੁਲਿਸ ਦੇ ਹੱਥ ਇਕ ਵੀਡੀਓ ਲੱਗਾ ਹੈ, ਜੋ ਹੰਗਾਮੇ ਤੋਂ ਚਾਰ-ਪੰਜ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਐੱਲਪੀਯੂ ਦੀਆਂ ਵਿਦਿਆਰਥਣਾਂ ਦੇ ਇਕ ਹੋਸਟਲ ’ਚ ਪੁੱਜਾ ਸੀ। ਇੱਥੋਂ ਹੀ ਇਹ ਰੈਡਿਟ ਰਾਹੀਂ ਪੂਰੇ ਕੈਂਪਸ ’ਚ ਪ੍ਰਸਾਰਿਤ ਕੀਤਾ ਗਿਆ। ਉਸ ਸਮੇਂ ਵਿਦਿਆਰਥੀਆਂ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਆਖ਼ਰ ਸ਼ਨਿਵਾਰ ਨੂੰ ਅਜਿਹਾ ਕੀ ਹੋਇਆ ਕਿ ਦੇਰ ਰਾਤ ਵਿਦਿਆਰਥੀ ਸੜਕਾਂ ’ਤੇ ਉਤਰ ਆਏ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਵੀਡੀਓ ਵਿਦਿਆਰਥਣਾਂ ਦੇ ਹੋਸਟਲ ਤੋਂ ਹੀ ਪ੍ਰਸਾਰਿਤ ਹੋਇਆ ਸੀ। ਵੀਡੀਓ ’ਚ ਇਕ ਵਿਦਿਆਰਥਣ ਨਾਲ ਹੋਸਟਲ ’ਚ ਜਬਰ-ਜਨਾਹ ਤੇ ਦੋ ਦਿਨ ਬਾਅਦ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਗਈ ਸੀ। ਪੁਲਿਸ ਦਾ ਸਾਈਬਰ ਸੈੱਲ ਹੁਣ ਇਸ ਵੀਡੀਓ ਨੂੰ ਪ੍ਰਸਾਰਤ ਕਰਨ ਵਾਲੀ ਵਿਦਿਆਰਥਣ ਦਾ ਆਈਪੀ ਐਡਰੈੱਸ ਪਤਾ ਲਗਾਉਣ ’ਚ ਜੁਟਿਆ ਹੈ। ਪੁਲਿਸ ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਭੀੜ ’ਚ ਕੁਝ ਹੁੱਲੜਬਾਜ਼ ਚਿਹਰੇ ’ਤੇ ਕਾਲਾ ਕੱਪੜਾ ਤੇ ਹੱਥਾਂ ’ਚ ਲੋਹੇ ਦੀਆਂ ਰਾਡਾਂ ਲੈ ਕੇ ਦਾਖ਼ਲ ਹੋ ਗਏ ਸਨ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੁੱਲੜਬਾਜ਼ੀ ਲਈ ਭੜਕਾਇਆ। ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਅੱਠ ਨਕਾਬਪੋਸ਼ਾਂ ਦੀ ਭਾਲ ਕਰ ਰਹੀ ਹੈ।
