ਹਰਿਆਣਾ ਦੇ ਇੱਕ ਢਾਬੇ ’ਤੇ ਜੰਮੂ-ਕਸ਼ਮੀਰ ਦੀਆਂ ਸਵਾਰੀਆਂ ਨਾਲ ਭਰੀ ਬੱਸ ਉੱਤੇ ਪੱਥਰਾਂ ਤੇ ਇੱਟਾਂ ਨਾਲ ਹੋਏ ਹਮਲੇ ਤੋਂ ਅਗਲੇ ਹੀ ਦਿਨ, ਐਤਵਾਰ ਦੇਰ ਰਾਤ ਪੰਜਾਬ ਵਿੱਚ ਵੀ ਉਸੇ ਆਪਰੇਟਰ ਦੀ ਸ਼੍ਰੀਨਗਰ ਜਾ ਰਹੀ ਇੱਕ ਨਿੱਜੀ ਸਲੀਪਰ ਵੋਲਵੋ ਬੱਸ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
‘ਸਟਾਰ ਵਰਲਡ ਵੈਂਚਰਜ਼’ ਦੇ ਬੱਸ ਚਾਲਕ ਇਸ਼ਫਾਕ ਅਹਿਮਦ ਨੇ ‘ਟ੍ਰਿਬਿਊਨ’ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਰਾਤ ਦੇ ਕਰੀਬ 11 ਵਜੇ ਲੁਧਿਆਣਾ ਨੇੜੇ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ’ਤੇ ਵਾਪਰੀ, ਜਦੋਂ ਬੱਸ ਸ਼੍ਰੀਨਗਰ ਵੱਲ ਜਾ ਰਹੀ ਸੀ। ਅਚਾਨਕ ਕੁਝ ਲੋਕਾਂ ਨੇ ਆ ਕੇ ਬੱਸ ’ਤੇ ਪੱਥਰਬਾਜ਼ੀ ਕਰ ਦਿੱਤੀ।
ਚਾਲਕ ਨੇ ਦੱਸਿਆ, “ਰੱਬ ਦਾ ਸ਼ੁਕਰ ਹੈ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਜਿਸ ਸੀਟ ਵੱਲ ਪੱਥਰ ਮਾਰੇ ਗਏ, ਉੱਥੇ ਔਰਤਾਂ ਅਤੇ ਬੱਚੇ ਸੁੱਤੇ ਪਏ ਸਨ। ਇਸ ਘਟਨਾ ਤੋਂ ਬਾਅਦ ਮੁਸਾਫ਼ਰ ਬਹੁਤ ਜ਼ਿਆਦਾ ਡਰੇ ਹੋਏ ਹਨ।” ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲੀਸ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਬੱਸ ਨੂੰ ਕਈ ਕਿਲੋਮੀਟਰ ਤੱਕ ਆਪਣੀ ਸੁਰੱਖਿਆ ਹੇਠ ਅੱਗੇ ਲੰਘਾਇਆ। ਬੱਸ ਹੁਣ ਸ਼੍ਰੀਨਗਰ ਲਈ ਰਵਾਨਾ ਹੋ ਚੁੱਕੀ ਹੈ।
