ਪੰਜਾਬ ਦੇ ਸਰਕਾਰੀ ਸਕੂਲ ਹੁਣ ਇਕੋ ਜਿਹੇ ਤੈਅ ਰੰਗਾਂ ਵਿੱਚ ਨਜ਼ਰ ਆਉਣਗੇ। ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ 3602 ਸਰਕਾਰੀ ਸਕੂਲਾਂ ਵਿੱਚ ਵ੍ਹਾਈਟਵਾਸ਼, ਪੇਂਟ ਅਤੇ ਕਲਰ ਕੋਡਿੰਗ ਕਰਵਾਉਣ ਲਈ 80 ਕਰੋੜ 45 ਲੱਖ 40 ਹਜ਼ਾਰ ਰੁਪਏ ਦੀ ਰਕਮ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਵਿਭਾਗ ਨੇ ਸਿਰਫ਼ ਰੰਗ-ਰੋਗਨ ਕਰਵਾਉਣ ਤੱਕ ਹੀ ਨਿਰਦੇਸ਼ ਸੀਮਤ ਨਹੀਂ ਰੱਖੇ, ਸਗੋਂ ਸਕੂਲ ਦੀ ਹਰ ਕੰਧ ’ਤੇ ਕਿਹੜਾ ਰੰਗ ਹੋਵੇਗਾ, ਕਿੰਨੀਆਂ ਪਰਤਾਂ ਲਗਾਈਆਂ ਜਾਣਗੀਆਂ ਅਤੇ ਸਮੱਗਰੀ ਦੀ ਖਰੀਦ ਤੋਂ ਲੈ ਕੇ ਭੁਗਤਾਨ ਤੱਕ ਦਾ ਹਿਸਾਬ ਕਿਵੇਂ ਰੱਖਿਆ ਜਾਵੇਗਾ, ਇਹ ਵੀ ਤੈਅ ਕਰ ਦਿੱਤਾ ਹੈ।
1 ਅਕਤੂਬਰ ਨੂੰ ਜਾਰੀ ਹੁਕਮਾਂ ਅਨੁਸਾਰ ਇਹ ਰਕਮ ਈਡੀਐੱਸ-53 ‘ਕਨਵਰਟਿੰਗ ਗਵਰਨਮੈਂਟ ਸਕੂਲਜ਼ ਇਨਟੂ ਸਮਾਰਟ ਸਕੂਲ’ ਯੋਜਨਾ ਤਹਿਤ ਦਿੱਤੀ ਜਾ ਰਹੀ ਹੈ। ਇਸ ਤਹਿਤ 764 ਸੀਨੀਅਰ ਸੈਕੰਡਰੀ, 411 ਹਾਈ, 1895 ਮਿਡਲ ਅਤੇ 532 ਪ੍ਰਾਇਮਰੀ ਸਕੂਲਾਂ ਵਿੱਚ ਕੰਮ ਹੋਵੇਗਾ। ਕੁੱਲ 67.04 ਲੱਖ ਵਰਗ ਫੁੱਟ ਖੇਤਰ ਵਿੱਚ ਵ੍ਹਾਈਟਵਾਸ਼ ਅਤੇ ਪੇਂਟ ਕਰਵਾਇਆ ਜਾਵੇਗਾ। ਵਿਭਾਗ ਨੇ ਪ੍ਰਤੀ ਵਰਗ ਫੁੱਟ 12 ਰੁਪਏ ਦੀ ਦਰ ਨਾਲ ਖਰਚ ਦਾ ਅਨੁਮਾਨ ਲਗਾਇਆ ਹੈ।
