ਤਿਉਹਾਰੀ ਸੀਜ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਐਨਾਲਾਗ ਪਨੀਰ (ਨਕਲੀ ਪਨੀਰ) ਦੀ ਬਣਾਉਣ, ਸਟੋਰ ਕਰਨ ਅਤੇ ਵੇਚਣ ’ਤੇ ਇੱਕ ਸਾਲ ਲਈ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਹੁਕਮਾਂ ਤਹਿਤ ਫੂਡ ਸੇਫਟੀ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਸਖ਼ਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕੀ ਹੈ ਐਨਾਲਾਗ ਪਨੀਰ?
ਐਨਾਲਾਗ ਪਨੀਰ ਅਜਿਹਾ ਉਤਪਾਦ ਹੈ ਜੋ ਦੇਖਣ ਵਿੱਚ ਅਸਲੀ ਪਨੀਰ ਵਰਗਾ ਹੁੰਦਾ ਹੈ, ਪਰ ਇਸ ਵਿੱਚ ਦੁੱਧ ਦੇ ਫੈਟ ਦੀ ਬਜਾਏ ਵੈਜੀਟੇਬਲ ਆਇਲ, ਹਾਈਡ੍ਰੋਜਨਿਟਿਡ ਫੈਟ, ਸਟਾਰਚ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਿਉਹਾਰਾਂ ਦੌਰਾਨ ਪਨੀਰ ਦੀ ਵਧਦੀ ਮੰਗ ਦੇ ਮੱਦੇਨਜ਼ਰ ਇਸ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਇਨ੍ਹਾਂ ਥਾਵਾਂ ’ਤੇ ਹੋਵੇਗੀ ਸਖ਼ਤ ਜਾਂਚ
- ਪਨੀਰ ਬਣਾਉਣ ਵਾਲੀਆਂ ਡੇਅਰੀ ਯੂਨਿਟਾਂ ਅਤੇ ਕੋਲਡ ਸਟੋਰ
- ਹੋਟਲ, ਰੈਸਟੋਰੈਂਟ ਅਤੇ ਢਾਬੇ
- ਮਠਿਆਈਆਂ ਦੀਆਂ ਦੁਕਾਨਾਂ
- ਪਨੀਰ ਦੀ ਸਪਲਾਈ ਕਰਨ ਵਾਲੇ ਵਾਹਨ
ਅਧਿਕਾਰੀਆਂ ਵੱਲੋਂ ਪਨੀਰ ਦੀ ਖਰੀਦ ਅਤੇ ਸਪਲਾਈ ਦੇ ਰਿਕਾਰਡ ਵੀ ਜਾਂਚੇ ਜਾਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
