US Green Card Ban: ਅਮਰੀਕਾ ਨੇ ਆਈ ਟੀ ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਦਾ ਗਰੀਨ ਕਾਰਡ ਵਾਲਾ ਪ੍ਰੋਗਰਾਮ ਰੋਕ ਦਿੱਤਾ ਹੈ। ਇਸ ਤਹਿਤ ਮਾਈਕਰੋਸਾਫਟ ਸਣੇ ਅੱਠ ਆਈ ਟੀ ਕੰਪਨੀਆਂ ਦੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਜਾਂ ਗਰੀਨ ਕਾਰਡ ਦਿਵਾਉਣ ਵਾਲੇ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਹੈ। ਅਮਰੀਕਾ ਨੇ ਇਹ ਕਾਰਵਾਈ ਕੌਗਨਿਜ਼ੈਂਟ, ਇਨਫੋਸਿਸ, ਟਾਟਾ, ਵਿਪਰੋ, ਕੈਪਜੈਮਿਨੀ ਅਤੇ ਐੱਚਸੀਐੱਲ ’ਤੇ ਕੀਤੀ ਹੈ। ਇਸ ਕਾਰਵਾਈ ਨਾਲ ਇਨ੍ਹਾਂ ਕੰਪਨੀਆਂ ਵਿੱਚ ਕੰਮ ਕਰ ਰਹੇ ਉਨ੍ਹਾਂ ਵਿਦੇਸ਼ੀ ਕਾਮਿਆਂ ਦੀ ਗ੍ਰੀਨ ਕਾਰਡ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਜਿਨ੍ਹਾਂ ਲਈ ਨਵੀਂ ਲੇਬਰ ਸਰਟੀਫਿਕੇਸ਼ਨ ਦੀ ਲੋੜ ਹੈ।
ਗਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀ ਪੇਸ਼ੇਵਰਾਂ ਦੀਆਂ ਵਧਣਗੀਆਂ ਮੁਸ਼ਕਲਾਂ
ਇਸ ਦਾ ਸਿੱਧਾ ਅਸਰ ਅਮਰੀਕਾ ਵਿੱਚ ਕੰਮ ਕਰ ਰਹੇ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਦੀ ਸਥਾਈ ਨਿਵਾਸ ਦੀ ਪ੍ਰਕਿਰਿਆ ’ਤੇ ਪੈ ਸਕਦਾ ਹੈ। ਇਸ ਪ੍ਰੋਗਰਾਮ ਨੂੰ ਪੀਈਆਰਐੱਮ ਕਿਹਾ ਜਾਂਦਾ ਹੈ ਅਤੇ ਇਹ ਰੁਜ਼ਗਾਰ ਆਧਾਰਿਤ ਗਰੀਨ ਕਾਰਡ ਹਾਸਲ ਕਰਨ ਦੀ ਮਹੱਤਵਪੂਰਨ ਪ੍ਰਕਿਰਿਆ ਹੈ।
ਭਾਰਤ ਲਈ ਇਸ ਫ਼ੈਸਲੇ ਦੀ ਅਹਿਮੀਅਤ ਇਸ ਕਰਕੇ ਵੱਧ ਹੈ ਕਿਉਂਕਿ ਭਾਰਤੀ ਪੇਸ਼ੇਵਰ ਅਮਰੀਕਾ ਦੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੇ ਵੱਡੇ ਲਾਭਪਾਤਰੀ ਹਨ। ਜਿਹੜੇ ਕਰਮਚਾਰੀ ਐੱਚ-1ਬੀ ਵੀਜ਼ੇ ’ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਕੰਪਨੀਆਂ ਉਨ੍ਹਾਂ ਲਈ ਗਰੀਨ ਕਾਰਡ ਦੀ ਪ੍ਰਕਿਰਿਆ ਚਲਾ ਰਹੀਆਂ ਹਨ, ਉਨ੍ਹਾਂ ਦੀਆਂ ਨਵੀਆਂ ਜਾਂ ਲੰਬਿਤ ਪੀਈਆਰਐੱਮ ਅਰਜ਼ੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਅਮਰੀਕੀ ਕਿਰਤ ਵਿਭਾਗ ਨੇ ਕਿਹਾ ਹੈ ਕਿ ਇਨ੍ਹਾਂ ਕੰਪਨੀਆਂ ਨਾਲ ਸਬੰਧਤ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ ਲੰਬਿਤ ਅਰਜ਼ੀਆਂ ’ਤੇ ਵੀ ਕਾਰਵਾਈ ਨਹੀਂ ਹੋਵੇਗੀ।
