ਬੰਗਲਾਦੇਸ਼ ਨੇ ਆਸਟਰੇਲੀਆ ਨੂੰ ਪਹਿਲੇ ਟੈਸਟ ਵਿੱਚ 9 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਆਸਟਰੇਲੀਆ ਦੀ ਧਰਤੀ ‘ਤੇ ਇਹ ਉਸ ਦੀ ਪਹਿਲੀ ਟੈਸਟ ਜਿੱਤ ਹੈ । ਬੰਗਲਾਦੇਸ਼ ਨੇ 57 ਦੌੜਾਂ ਦਾ ਟੀਚਾ ਚੌਥੇ ਦਿਨ ਦੇ ਦੂਜੇ ਸੈਸ਼ਨ ਵਿੱਚ 1 ਵਿਕਟ ਗੁਆ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ 2003 ਵਿੱਚ ਆਸਟਰੇਲੀਆ ਵਿੱਚ ਦੋ ਟੈਸਟ ਖੇਡੇ ਸਨ, ਪਰ ਦੋਵਾਂ ਵਿੱਚ ਹੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ 3 ਟੈਸਟਾਂ ਵਿੱਚ ਪਹਿਲੀ ਜਿੱਤ ਦਰਜ ਕਰਕੇ ਬੰਗਲਾਦੇਸ਼ ਆਸਟਰੇਲੀਆ ਵਿੱਚ ਸਭ ਤੋਂ ਘੱਟ ਮੈਚਾਂ ਵਿੱਚ ਟੈਸਟ ਜਿੱਤਣ ਵਾਲੀ ਏਸ਼ੀਆਈ ਟੀਮ ਬਣ ਗਈ ਹੈ । ਪਾਕਿਸਤਾਨ ਨੇ 7 ਅਤੇ ਭਾਰਤ ਨੇ 12 ਟੈਸਟਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ, ਜਦਕਿ ਸ਼੍ਰੀਲੰਕਾ 15 ਟੈਸਟਾਂ ਤੋਂ ਬਾਅਦ ਵੀ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ। ਬੰਗਲਾਦੇਸ਼ ਦੀ ਇਤਿਹਾਸਕ ਜਿੱਤ ਦੇ ਹੀਰੋ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਅਤੇ ਆਲਰਾਊਂਡਰ ਮੇਹਦੀ ਹਸਨ ਮਿਰਾਜ ਰਹੇ। ਮਹਿਮੂਦ ਨੇ ਮੈਚ ਵਿੱਚ ਕੁੱਲ 9 ਵਿਕਟਾਂ ਚਟਕਾਈਆਂ, ਜਦਕਿ ਮਿਰਾਜ ਨੇ 65 ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਬੰਗਲਾਦੇਸ਼ ਨੇ ਟੈਸਟ ਕ੍ਰਿਕਟ ਵਿੱਚ ਆਸਟਰੇਲੀਆ ਨੂੰ ਦੂਜੀ ਵਾਰ ਹਰਾਇਆ ਹੈ। ਇਸ ਤੋਂ ਪਹਿਲਾਂ ਉਸ ਨੇ ਅਗਸਤ 2017 ਵਿੱਚ ਮੀਰਪੁਰ ਟੈਸਟ ਵਿੱਚ 20 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਬੰਗਲਾਦੇਸ਼ ਅਤੇ ਆਸਟਰੇਲੀਆ ਵਿਚਾਲੇ ਹੁਣ ਤੱਕ ਸੱਤ ਟੈਸਟ ਮੈਚ ਖੇਡੇ ਗਏ ਹਨ। ਇਸ ਦੌਰਾਨ ਆਸਟਰੇਲੀਆਈ ਟੀਮ ਨੇ 5 ਮੈਚਾਂ ਵਿੱਚ ਜਿੱਤ ਹਾਸਲ ਕੀਤੀ, ਜਦਕਿ ਬੰਗਲਾਦੇਸ਼ ਨੇ ਦੋ ਮੁਕਾਬਲੇ ਜਿੱਤੇ। ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ 22 ਅਗਸਤ ਤੋਂ ਮੈਕੇ ਵਿੱਚ ਖੇਡਿਆ ਜਾਵੇਗਾ।
