ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੱਕ ਵੱਡਾ ਅਤੇ ਸਖ਼ਤ ਫ਼ੈਸਲਾ ਲੈਂਦਿਆਂ ਖਿਡਾਰੀਆਂ, ਸਪੋਰਟ ਸਟਾਫ ਅਤੇ ਮੈਚ ਅਧਿਕਾਰੀਆਂ ਵੱਲੋਂ ਸਮਾਰਟ ਸਨਗਲਾਸ ਜਾਂ ਸਮਾਰਟ ਗੋਗਲਸ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ।
BCCI ਦੀ ਐਂਟੀ ਕਰੱਪਸ਼ਨ ਐਂਡ ਸਕਿਉਰਿਟੀ ਯੂਨਿਟ (ACSU) ਵੱਲੋਂ ਸਾਰੀਆਂ IPL ਟੀਮਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੋਰਡ ਦਾ ਮੰਨਣਾ ਹੈ ਕਿ ਇਹ ਸਮਾਰਟ ਚਸ਼ਮੇ ਆਮ ਚਸ਼ਮਿਆਂ ਵਾਂਗ ਦਿਖਾਈ ਦਿੰਦੇ ਹਨ, ਪਰ ਇਨ੍ਹਾਂ ਵਿੱਚ ਕਾਲਿੰਗ, ਵੀਡੀਓ ਰਿਕਾਰਡਿੰਗ, ਲਾਈਵ ਸਟ੍ਰੀਮਿੰਗ ਅਤੇ ਇੰਟਰਨੈੱਟ ਕਨੈਕਟੀਵਿਟੀ ਵਰਗੀਆਂ ਸੁਵਿਧਾਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਗਲਤ ਇਸਤੇਮਾਲ ਹੋ ਸਕਦਾ ਹੈ।
ਨਵੇਂ ਨਿਯਮਾਂ ਮੁਤਾਬਕ ਖਿਡਾਰੀ, ਸਪੋਰਟ ਸਟਾਫ ਅਤੇ ਮੈਚ ਅਧਿਕਾਰੀ ‘ਪਲੇਅਰਸ ਐਂਡ ਮੈਚ ਆਫੀਸ਼ੀਅਲ ਏਰੀਆ’ (PMOA) ਦੇ ਅੰਦਰ ਸਮਾਰਟ ਗਲਾਸ ਨਹੀਂ ਪਹਿਨ ਸਕਣਗੇ। ਸਟੇਡੀਅਮ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਸਮਾਰਟ ਗਲਾਸ, ਮੋਬਾਈਲ ਫੋਨ ਅਤੇ ਸਮਾਰਟ ਵਾਚ ਸੁਰੱਖਿਆ ਅਧਿਕਾਰੀਆਂ ਕੋਲ ਜਮ੍ਹਾ ਕਰਵਾਉਣੇ ਹੋਣਗੇ।
BCCI ਨੇ ਇਹ ਕਦਮ ਮੈਚਾਂ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ। ਬੋਰਡ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਡਿਵਾਈਸਾਂ ਰਾਹੀਂ ਗੁਪਤ ਸੰਚਾਰ ਜਾਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ, ਜਿਸ ਨਾਲ ਖੇਡ ਦੀ ਨਿਰਪੱਖਤਾ ਪ੍ਰਭਾਵਿਤ ਹੋ ਸਕਦੀ ਹੈ।
ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਖਿਡਾਰੀ ਜਾਂ ਅਧਿਕਾਰੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ IPL ਦੌਰਾਨ ਨਿਯਮ ਤੋੜਨ ਦੇ ਮਾਮਲਿਆਂ ਵਿੱਚ ਜੁਰਮਾਨੇ ਲਗਾਏ ਜਾ ਚੁੱਕੇ ਹਨ।
