ਸ਼ਹਿਰ ਵਿਚ ਚੋਰੀ ਅਤੇ ਝਪਟਮਾਰੀ ਦੀਆਂ ਵਧ ਰਹੀਆਂ ਘਟਨਾਵਾਂ ਵਿਚਕਾਰ ਫ਼ੇਜ਼-7 ਦੇ ਰਿਹਾਇਸ਼ੀ ਇਲਾਕੇ ਵਿਚ ਤਿੰਨ ਬੱਚਿਆਂ ਦੀ ਕਥਿਤ ਸ਼ੱਕੀ ਟੋਲੀ ਨੇ ਲੋਕਾਂ ਦੀ ਚਿੰਤਾ ਵਧਾ ਦਿਤੀ ਹੈ। ਸਥਾਨਕ ਲੋਕਾਂ ਅਨੁਸਾਰ ਇਹ ਤਿੰਨ ਬੱਚੇ ਸਵੇਰ ਦੇ ਸਮੇਂ ਪਹਿਲਾਂ ਘਰਾਂ ਦੇ ਬਾਹਰ ਚੱਕਰ ਲਗਾਉਂਦੇ ਹਨ ਅਤੇ ਮੌਕਾ ਦੇਖ ਕੇ ਘਰਾਂ ਅੰਦਰ ਦਾਖ਼ਲ ਹੁੰਦੇ ਨਜ਼ਰ ਆ ਰਹੇ ਹਨ। ਲੋਕਾਂ ਦਾ ਦਾਅਵਾ ਹੈ ਕਿ ਇਹ ਟੋਲੀ ਇਸ ਤੋਂ ਪਹਿਲਾਂ ਵੀ ਫ਼ੇਜ਼-7 ਵਿਚ ਤਿੰਨ ਵੱਖ-ਵੱਖ ਥਾਵਾਂ ਤੋਂ ਘਰਾਂ ਵਿਚ ਦਾਖ਼ਲ ਹੋ ਕੇ ਸਾਈਕਲਾਂ ਚੋਰੀ ਕਰ ਚੁਕੀ ਹੈ। ਕਈ ਘਟਨਾਵਾਂ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਸਥਾਨਕ ਸਮਾਜ ਸੇਵੀ ਟਿੰਕੂ ਆਨੰਦ ਅਨੁਸਾਰ ਸੀਸੀਟੀਵੀ ਫ਼ੁਟੇਜ ਵਿਚ ਤਿੰਨ ਬੱਚੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤਾਂ ਵੀ ਦਿਤੀਆਂ ਗਈਆਂ ਹਨ। ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਇਲਾਕਾ ਵਾਸੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ।
ਸਥਾਨਕ ਲੋਕਾਂ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਕਥਿਤ ਤੌਰ ’ਤੇ ਤਿੰਨ ਬੱਚਿਆਂ ਦੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਹਨ ਅਤੇ ਮੌਕਾ ਮਿਲਦੇ ਹੀ ਘਰਾਂ ਦੇ ਬਾਹਰ ਖੜ੍ਹੀਆਂ ਸਾਈਕਲਾਂ ਜਾਂ ਹੋਰ ਸਾਮਾਨ ਲੈ ਕੇ ਨਿਕਲ ਜਾਂਦੇ ਹਨ। ਲੋਕਾਂ ਮੁਤਾਬਕ ਕਈ ਵਾਰਦਾਤਾਂ ਸਵੇਰ ਸਮੇਂ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਿਲੀਆਂ ਸ਼ਿਕਾਇਤਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾਣਗੇ। ਕੁਝ ਦਿਨ ਪਹਿਲਾਂ ਫੇਜ਼-3ਬੀ1 ਦੇ ਰੋਜ਼ ਗਾਰਡਨ ਸਥਿਤ ਵੇਰਕਾ ਬੂਥ ਵਿਚ ਵੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀ। ਸ਼ਿਕਾਇਤ ਅਨੁਸਾਰ ਚੋਰ ਬੂਥ ਦਾ ਸ਼ਟਰ ਤੋੜ ਕੇ ਕਰੀਬ 9 ਹਜ਼ਾਰ ਰੁਪਏ ਨਕਦ, 6 ਕਿਲੋ ਦੇਸੀ ਘਿਓ, ਬਿਸਕੁਟ, ਚਿਪਸ ਅਤੇ ਚਾਕਲੇਟ ਚੋਰੀ ਕਰਕੇ ਲੈ ਗਏ। ਬੂਥ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਕੇ ਲਿਜਾਣ ਦੀ ਗੱਲ ਸਾਹਮਣੇ ਆਈ ਸੀ। ਬੂਥ ਮਾਲਕ ਵੱਲੋਂ ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਦੇ ਨਾਲ ਸੀਸੀਟੀਵੀ ਫੁਟੇਜ ਵੀ ਮੁਹਈਆ ਕਰਵਾਈ ਗਈ ਸੀ।
