ਭਾਰਤੀ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਆਈਸੀਸੀ ਦੀ ਤਾਜ਼ਾ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਦੁਨੀਆ ਦੇ ਨੰਬਰ-1 ਟੀ-20 ਬੱਲੇਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਲੰਬੇ ਸਮੇਂ ਤੋਂ ਸਿਖਰ ‘ਤੇ ਕਾਬਜ਼ ਅਭਿਸ਼ੇਕ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ।
ਈਸ਼ਾਨ ਟੀ-20 ਰੈਂਕਿੰਗ ਵਿੱਚ ਨੰਬਰ-1 ਬਣਨ ਵਾਲੇ ਭਾਰਤ ਦੇ ਚੌਥੇ ਬੱਲੇਬਾਜ਼ ਬਣੇ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ ਅਤੇ ਅਭਿਸ਼ੇਕ ਸ਼ਰਮਾ ਇਹ ਮਾਣ ਹਾਸਲ ਕਰ ਚੁੱਕੇ ਹਨ। ਇਸ ਵੇਲੇ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ 848 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ ‘ਤੇ ਹਨ।
ਈਸ਼ਾਨ ਕਿਸ਼ਨ ਨੂੰ ਇਹ ਕਾਮਯਾਬੀ ਇਸ ਸਾਲ ਹੋਏ ਟੀ-20 ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮੰਨੀ ਜਾ ਰਹੀ ਹੈ। ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਕਰੀਬ 200 ਦੀ ਸਟ੍ਰਾਈਕ ਰੇਟ ਨਾਲ 317 ਦੌੜਾਂ ਬਣਾਈਆਂ ਸਨ। ਕੋਲੰਬੋ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਉਨ੍ਹਾਂ ਦੀ ਮੈਚ ਜਿਤਾਉ ਪਾਰੀ ਲਈ ਉਨ੍ਹਾਂ ਨੂੰ ‘ਪਲੇਅਰ ਆਫ਼ ਦਿ ਮੈਚ’ ਵੀ ਚੁਣਿਆ ਗਿਆ ਸੀ। ਤਾਜ਼ਾ ਰੈਂਕਿੰਗ ਵਿੱਚ ਈਸ਼ਾਨ ਦੇ 876 ਰੇਟਿੰਗ ਅੰਕ ਹਨ।
ਉੱਥੇ ਹੀ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ ਨੂੰ ਇੱਕ-ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਵਰੁਣ ਹੁਣ ਤੀਜੇ ਅਤੇ ਬੁਮਰਾਹ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਆਪਣਾ ਨੰਬਰ-1 ਸਥਾਨ ਕਾਇਮ ਰੱਖਿਆ ਹੈ।
ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਵੀ ਕਾਫ਼ੀ ਉਲਟਫੇਰ ਦੇਖਣ ਨੂੰ ਮਿਲੀ ਹੈ। ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਪਹਿਲੇ ਨੰਬਰ ‘ਤੇ ਪਹੁੰਚ ਗਏ ਹਨ, ਜਦਕਿ ਇੰਗਲੈਂਡ ਦੇ ਜੋ ਰੂਟ ਤੀਜੇ ਸਥਾਨ ‘ਤੇ ਖਿਸਕ ਗਏ ਹਨ। ਭਾਰਤੀ ਕਪਤਾਨ ਸ਼ੁਭਮਨ ਗਿੱਲ ਇੱਕ ਸਥਾਨ ਦੇ ਫਾਇਦੇ ਨਾਲ ਛੇਵੇਂ ਨੰਬਰ ‘ਤੇ ਪਹੁੰਚ ਗਏ ਹਨ, ਜਦਕਿ ਯਸ਼ਸਵੀ ਜਾਇਸਵਾਲ ਨੌਵੇਂ ਸਥਾਨ ‘ਤੇ ਆ ਗਏ ਹਨ।
ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਜਸਪ੍ਰੀਤ ਬੁਮਰਾਹ ਨੇ ਆਪਣਾ ਨੰਬਰ-1 ਸਥਾਨ ਬਰਕਰਾਰ ਰੱਖਿਆ ਹੈ। ਨਿਊਜ਼ੀਲੈਂਡ ਦੇ ਮੈਟ ਹੇਨਰੀ ਦੂਜੇ, ਆਸਟ੍ਰੇਲੀਆ ਦੇ ਮਿਚੇਲ ਸਟਾਰਕ ਤੀਜੇ ਅਤੇ ਪੈਟ ਕਮਿੰਸ ਚੌਥੇ ਸਥਾਨ ‘ਤੇ ਹਨ, ਜਦਕਿ ਦੱਖਣੀ ਅਫਰੀਕਾ ਦੇ ਮਾਰਕੋ ਯਾਨਸਨ ਟਾਪ-5 ਵਿੱਚ ਪੰਜਵੇਂ ਨੰਬਰ ‘ਤੇ ਮੌਜੂਦ ਹਨ।
