ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ‘ਚ 28 ਸਤੰਬਰ ਨੂੰ ਹੋਏ ਹਿੰਸਕ ਹੰਗਾਮੇ ਦੇ ਮਾਮਲੇ ‘ਚ ਫਗਵਾੜਾ ਪੁਲਿਸ ਨੇ ਐਤਵਾਰ ਨੂੰ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਯੋਗੇਸ਼ ਅਪੂਰਵਾ ਵਾਸੀ ਮੇਹਰਾਟਾ, ਰਾਜਸਥਾਨ ਅਤੇ ਆਦਿਤਿਆ ਵਾਸੀ ਹਾਜੀਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਦੋਵਾਂ ‘ਤੇ ਹਿੰਸਾ ਦੌਰਾਨ ਵਾਹਨਾਂ ‘ਚ ਭੰਨਤੋੜ ਕਰਨ ਦਾ ਦੋਸ਼ ਹੈ। ਪੁਲਿਸ ਸੋਮਵਾਰ ਨੂੰ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਤਿਆਰੀ ‘ਚ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਉਪਲਬਧ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਕੀਤੀ ਗਈ ਹੈ।
ਇਨ੍ਹਾਂ ਦੋ ਗ੍ਰਿਫ਼ਤਾਰੀਆਂ ਨਾਲ ਐਲਪੀਯੂ ਹਿੰਸਾ ਮਾਮਲੇ ‘ਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਕਰੀਬ 28 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਐਲਪੀਯੂ ਹਿੰਸਾ ਦੇ ਮਾਮਲੇ ‘ਚ ਫਗਵਾੜਾ ਤੋਂ ਇਲਾਵਾ ਜੰਮੂ ਅਤੇ ਮੁੰਬਈ ਤੋਂ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਿਤ ਮਿਗ-23 ਲੜਾਕੂ ਜਹਾਜ਼ ‘ਤੇ ਚੜ੍ਹਨ ਵਾਲੇ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
