ਮੁੰਬਈ ਦੇ ਮਸ਼ਹੂਰ ਤਾਜ ਮਹਿਲ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਜਾਣਕਾਰੀ ਮੁਤਾਬਕ, ਨਵੀਂ ਮੁੰਬਈ ਪੁਲਿਸ ਨੂੰ ਐਤਵਾਰ ਦੇਰ ਰਾਤ ਇੱਕ ਗੁਮਨਾਮ ਕਾਲ ਆਈ, ਜਿਸ ਵਿੱਚ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।
ਧਮਕੀ ਭਰੀ ਕਾਲ ਦੀ ਸੂਚਨਾ ਮਿਲਦਿਆਂ ਹੀ ਨਵੀਂ ਮੁੰਬਈ ਪੁਲਿਸ ਨੇ ਮੁੰਬਈ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਵੱਲੋਂ ਹੋਟਲ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਪੁਲਿਸ ਅਨੁਸਾਰ, ਧਮਕੀ ਭਰੀ ਕਾਲ ਰਾਤ ਕਰੀਬ 12 ਵਜੇ ਪ੍ਰਾਪਤ ਹੋਈ ਸੀ। ਕਾਲ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਲਗਜ਼ਰੀ ਹੋਟਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸਾਵਧਾਨੀ ਦੇ ਤੌਰ ‘ਤੇ ਸੁਰੱਖਿਆ ਟੀਮਾਂ ਵੱਲੋਂ ਹੋਟਲ ਦੀ ਪੂਰੀ ਜਾਂਚ ਕੀਤੀ ਗਈ।
ਫਿਲਹਾਲ ਪੁਲਿਸ ਵੱਲੋਂ ਧਮਕੀ ਭਰੀ ਕਾਲ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ। ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਲਈ ਤਕਨੀਕੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਸਾਰੇ ਸੰਭਾਵਿਤ ਸੁਰਾਗਾਂ ਦੀ ਘੋਖ ਕੀਤੀ ਜਾ ਰਹੀ ਹੈ।
ਇਹ ਘਟਨਾ ਦਿੱਲੀ ਦੇ ਲਾਲ ਕਿਲ੍ਹੇ ਨੂੰ ਇਸੇ ਤਰ੍ਹਾਂ ਦੀ ਬੰਬ ਧਮਕੀ ਮਿਲਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ। ਉਕਤ ਧਮਕੀ ਤੋਂ ਬਾਅਦ ਕੁਝ ਸਮੇਂ ਲਈ ਹਾਈ ਅਲਰਟ ਦੀ ਸਥਿਤੀ ਬਣ ਗਈ ਸੀ। ਮੁੰਬਈ ਅਤੇ ਦਿੱਲੀ ਪੁਲਿਸ ਵੱਲੋਂ ਆਪਣੇ ਕੰਟਰੋਲ ਰੂਮਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਧਮਕੀਆਂ ਦੇ ਸਰੋਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
