ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿਚੋਤਾਣ ਵਿਚਾਲੇ ਵੱਡੀ ਸਿਆਸੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਦੀ ਮੀਟਿੰਗ ਜਾਰੀ ਹੈ। ਇਸ ਮੀਟਿੰਗ ਵਿੱਚ ਚੰਨੀ ਧੜੇ ਨਾਲ ਜੁੜੇ ਆਗੂ ਮੌਜੂਦਾ ਸਿਆਸੀ ਹਾਲਾਤ ਅਤੇ ਪਾਰਟੀ ਅੰਦਰ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅੱਗੇ ਆਪਣੇ ਸਿਆਸੀ ਮੁੱਦੇ ਅਤੇ ਮੰਗਾਂ ਰੱਖਣ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਚੰਨੀ ਧੜਾ 10 ਜੁਲਾਈ ਨੂੰ ਭੁਪੇਸ਼ ਬਘੇਲ ਅੱਗੇ ਆਪਣਾ ਪੱਖ ਰੱਖ ਸਕਦਾ ਹੈ।
ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿੱਚ ਹੋਏ ਬਦਲਾਅ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਕਾਰਨ ਚੰਨੀ ਧੜਾ ਨਾਰਾਜ਼ ਦੱਸਿਆ ਜਾ ਰਿਹਾ ਹੈ। ਚੰਨੀ ਖੁਦ ਸੂਬਾ ਪ੍ਰਧਾਨ ਜਾਂ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਉਮੀਦ ਕਰ ਰਹੇ ਸਨ। ਆਪਣੀ ਇਸ ਨਾਰਾਜ਼ਗੀ ਨੂੰ ਜ਼ਾਹਰ ਕਰਨ ਲਈ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਭੁਪੇਸ਼ ਬਘੇਲ ਦੀਆਂ ਮੀਟਿੰਗਾਂ ਤੋਂ ਦੂਰੀ ਵੀ ਬਣਾਈ ਰੱਖੀ ਸੀ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਹਾਈਕਮਾਨ ਵੱਲੋਂ ਇਸ ਫੈਸਲੇ ਨੂੰ ਅੰਤਿਮ ਦੱਸਿਆ ਗਿਆ ਹੈ। ਇਸ ਦੇ ਬਾਵਜੂਦ ਚੰਨੀ ਧੜਾ ਲਗਾਤਾਰ ਪਾਰਟੀ ਅੰਦਰ ਆਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
