ਵਾਸ਼ਿੰਗਟਨ: ਅਮਰੀਕੀ ਜਾਂਚ ਏਜੰਸੀ FBI ਨੇ ਭਾਰਤੀ ਮੂਲ ਦੇ ਗੈਂਗਸਟਰਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਹੈ। 7 ਜੁਲਾਈ ਨੂੰ FBI ਅਤੇ ਇਸ ਦੀਆਂ ਸਹਿਯੋਗੀ ਏਜੰਸੀਆਂ ਨੇ ਕੈਲੀਫੋਰਨੀਆ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ 20 ਤੋਂ ਵੱਧ ਸ਼ੱਕੀ ਗੈਂਗ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ। ਇਸ ਦੌਰਾਨ ਹਥਿਆਰ, ਨਸ਼ੀਲੇ ਪਦਾਰਥ ਅਤੇ ਹੋਰ ਗੈਰ-ਕਾਨੂੰਨੀ ਸਮੱਗਰੀ ਵੀ ਜ਼ਬਤ ਕੀਤੀ ਗਈ।
FBI ਨੇ ਇਸ ਮੁਹਿੰਮ ਨੂੰ “ਆਪ੍ਰੇਸ਼ਨ ਹਾਰਡ ਬਾਲ” (Operation Hard Ball) ਨਾਮ ਦਿੱਤਾ ਹੈ। ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਕਰੀਬ 50 ਥਾਵਾਂ ‘ਤੇ ਇੱਕੋ ਸਮੇਂ ਕੀਤੀ ਗਈ ਇਸ ਕਾਰਵਾਈ ਦੌਰਾਨ ਕਈ ਅਪਰਾਧਿਕ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਜਾਂਚ ਏਜੰਸੀ ਮੁਤਾਬਕ ਇਹ ਕਾਰਵਾਈ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਨੈੱਟਵਰਕ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ। ਦੋਸ਼ ਹੈ ਕਿ ਇਹ ਗੈਂਗ ਵਿਦੇਸ਼ਾਂ ਵਿੱਚ ਰਹਿ ਕੇ ਭਾਰਤ ਸਮੇਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਵਸਦੇ ਲੋਕਾਂ ਤੋਂ ਫਿਰੌਤੀ ਵਸੂਲਣ ਅਤੇ ਹੋਰ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ।
ਇਸ ਦੌਰਾਨ FBI ਨੇ ਗੈਂਗ ਦੇ ਕਥਿਤ ਮੁੱਖ ਮੈਂਬਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਲਈ 50,000 ਅਮਰੀਕੀ ਡਾਲਰ (ਕਰੀਬ 48 ਲੱਖ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ।
FBI ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਗੋਲਡੀ ਬਰਾੜ ‘ਤੇ ਇੱਕ ਸੰਗਠਿਤ ਅਪਰਾਧਿਕ ਗਿਰੋਹ ਨਾਲ ਜੁੜੇ ਹੋਣ ਦੇ ਦੋਸ਼ ਹਨ। ਏਜੰਸੀ ਦਾ ਕਹਿਣਾ ਹੈ ਕਿ ਇਹ ਗਿਰੋਹ ਦੱਖਣੀ ਕੈਲੀਫੋਰਨੀਆ, ਅਮਰੀਕਾ ਦੇ ਹੋਰ ਹਿੱਸਿਆਂ ਅਤੇ ਕੈਨੇਡਾ ਵਿੱਚ ਵਾਪਰੀਆਂ ਕਈ ਹਿੰਸਕ ਘਟਨਾਵਾਂ ਨਾਲ ਕਥਿਤ ਤੌਰ ‘ਤੇ ਸਬੰਧਿਤ ਹੈ।
ਸੂਤਰਾਂ ਅਨੁਸਾਰ ਭਾਰਤੀ ਜਾਂਚ ਏਜੰਸੀਆਂ ਵੀ ਲੰਬੇ ਸਮੇਂ ਤੋਂ ਇਸ ਨੈੱਟਵਰਕ ‘ਤੇ ਨਜ਼ਰ ਰੱਖ ਰਹੀਆਂ ਹਨ। ਮੰਨਿਆ ਜਾਂਦਾ ਹੈ ਕਿ ਭਾਰਤ ਤੋਂ ਫਰਾਰ ਕਈ ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਆਪਣੇ ਅਪਰਾਧਿਕ ਨੈੱਟਵਰਕ ਚਲਾ ਰਹੇ ਹਨ। FBI ਵੱਲੋਂ ਚਲਾਇਆ ਜਾ ਰਿਹਾ ਆਪ੍ਰੇਸ਼ਨ ਹਾਰਡ ਬਾਲ ਹਾਲੇ ਵੀ ਜਾਰੀ ਹੈ।
