2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਚੋਣ ਕਮਿਸ਼ਨ ਨੇ ਅੱਜ (25 ਜੂਨ) ਤੋਂ ਵਿਸ਼ੇਸ਼ ਤੀਬਰ ਸੋਧ (Special Intensive Revision – SIR) ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਕਰੀਬ 25 ਹਜ਼ਾਰ ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ।
ਬੀਐਲਓ ਵੋਟਰਾਂ ਨੂੰ ਗਿਣਤੀ ਫਾਰਮ ਮੁਹੱਈਆ ਕਰਵਾਉਣਗੇ, ਉਨ੍ਹਾਂ ਨੂੰ ਫਾਰਮ ਭਰਨ ਵਿੱਚ ਮਦਦ ਕਰਨਗੇ ਅਤੇ ਭਰੇ ਹੋਏ ਫਾਰਮ ਇਕੱਠੇ ਵੀ ਕਰਨਗੇ। ਚੋਣ ਕਮਿਸ਼ਨ ਦਾ ਮਕਸਦ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸਹੀ ਅਤੇ ਅਪਡੇਟ ਕਰਨਾ ਹੈ।
ਚੋਣ ਕਮਿਸ਼ਨ ਵੱਲੋਂ ਪਹਿਲਾਂ ਕੀਤੀ ਗਈ ਮੈਪਿੰਗ ਮੁਤਾਬਕ ਪੰਜਾਬ ਦੇ 2 ਕਰੋੜ 14 ਲੱਖ ਤੋਂ ਵੱਧ ਵੋਟਰਾਂ ਵਿੱਚੋਂ ਕਰੀਬ 86 ਫੀਸਦੀ ਦੀ ਤਸਦੀਕ ਹੋ ਚੁੱਕੀ ਹੈ, ਜਦਕਿ ਲਗਭਗ 30 ਲੱਖ ਵੋਟਰਾਂ ਦੀ ਤਸਦੀਕ ਅਜੇ ਬਾਕੀ ਹੈ। ਹੁਣ ਇਨ੍ਹਾਂ ਵੋਟਰਾਂ ਤੱਕ ਪਹੁੰਚਣ ਲਈ 24 ਜੁਲਾਈ ਤੱਕ ਘਰ-ਘਰ ਮੁਹਿੰਮ ਚਲਾਈ ਜਾਵੇਗੀ।
ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਪੂਰੀ ਪ੍ਰਕਿਰਿਆ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,453 ਬੀਐਲਓ ਅਗਲੇ ਇੱਕ ਮਹੀਨੇ ਤੱਕ ਵੋਟਰਾਂ ਦੇ ਰਿਕਾਰਡ ਦੀ ਜਾਂਚ ਅਤੇ ਅਪਡੇਟ ਦਾ ਕੰਮ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੰਜਾਬ ਦੇ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਦੇ ਵੇਰਵਿਆਂ ਨੂੰ ਅਪਡੇਟ ਕੀਤਾ ਜਾਵੇਗਾ। ਇਸ ਦੇ ਨਾਲ ਹੀ 24 ਜੁਲਾਈ ਤੱਕ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਜਾਵੇਗੀ।
ਮੁਹਿੰਮ ਤੋਂ ਬਾਅਦ 3 ਅਗਸਤ ਨੂੰ ਵੋਟਰ ਸੂਚੀ ਦਾ ਖਰੜਾ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਨਵੇਂ ਨਾਮ ਜੋੜਨ, ਨਾਮ ਹਟਾਉਣ ਜਾਂ ਸੋਧ ਕਰਵਾਉਣ ਲਈ 2 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਣਗੇ। ਸਾਰੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਿੱਜੀ ਤੌਰ ‘ਤੇ ਕੀਤੀ ਗਈ ਹੈ ਤਾਂ ਇਸ ਲਈ ਵੱਖਰਾ ਕਾਲਮ ਹੋਵੇਗਾ, ਜਦਕਿ ਜੇਕਰ ਮੈਪਿੰਗ ਮਾਤਾ-ਪਿਤਾ ਜਾਂ ਦਾਦਾ-ਦਾਦੀ ਦੇ ਆਧਾਰ ‘ਤੇ ਕੀਤੀ ਗਈ ਹੈ ਤਾਂ ਉਸ ਦੀ ਵੀ ਵੱਖਰੀ ਐਂਟਰੀ ਕੀਤੀ ਜਾਵੇਗੀ। ਫਾਰਮ ਭਰਨ ਵੇਲੇ ਵੋਟਰ ਨੂੰ ਇਹ ਘੋਸ਼ਣਾ ਵੀ ਕਰਨੀ ਹੋਵੇਗੀ ਕਿ ਉਸ ਨੇ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਹੀਂ ਲਈ ਅਤੇ ਉਸ ਦਾ ਨਾਮ ਕਿਸੇ ਹੋਰ ਥਾਂ ਦੀ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ।
ਜੇਕਰ ਬੀਐਲਓ ਦੇ ਦੌਰੇ ਦੌਰਾਨ ਕੋਈ ਵੋਟਰ ਘਰ ਵਿੱਚ ਨਹੀਂ ਮਿਲਦਾ ਜਾਂ ਘਰ ਨੂੰ ਤਾਲਾ ਲੱਗਾ ਹੋਇਆ ਹੁੰਦਾ ਹੈ ਤਾਂ ਉਹ ਉੱਥੇ ਫਾਰਮ ਅਤੇ ਇੱਕ ਸੂਚਨਾ ਸਟਿੱਕਰ ਛੱਡਣਗੇ। ਇਸ ਸਟਿੱਕਰ ‘ਤੇ ਬੀਐਲਓ ਦੇ ਦੌਰੇ ਦੀ ਜਾਣਕਾਰੀ ਦੇ ਨਾਲ ਦੂਜੀ ਅਤੇ ਤੀਜੀ ਸੰਭਾਵਿਤ ਮੁਲਾਕਾਤ ਦੀ ਤਾਰੀਖ ਵੀ ਦਰਜ ਹੋਵੇਗੀ, ਤਾਂ ਜੋ ਸਬੰਧਤ ਵੋਟਰ ਸਮੇਂ ਸਿਰ ਆਪਣਾ ਫਾਰਮ ਭਰ ਕੇ ਜਮ੍ਹਾ ਕਰਵਾ ਸਕੇ।
