ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਹਮਲੇ ਨਾਲ ਜੁੜੇ ਦੋ ਮੁੱਖ ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਠਭੇੜ ਤੋਂ ਬਾਅਦ ਕਾਬੂ ਕਰ ਲਿਆ। ਮੁਠਭੇੜ ਦੌਰਾਨ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਪੁਲਿਸ ਨੇ ਉਨ੍ਹਾਂ ਕੋਲੋਂ ਪਾਕਿਸਤਾਨ ਵਿੱਚ ਬਣੇ ਹਥਿਆਰ ਵੀ ਬਰਾਮਦ ਕੀਤੇ ਹਨ।
ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਕੀਕਤ ਅਤੇ ਸਾਗਰ ਵਜੋਂ ਹੋਈ ਹੈ। ਦੋਵੇਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਰਾਤ ਉਹ ਪੱਛਮੀ ਵਿਹਾਰ ਇਲਾਕੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਬਾਈਕ ‘ਤੇ ਘੁੰਮ ਰਹੇ ਸਨ।
ਇਸ ਦੌਰਾਨ ਦਿੱਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੂੰ ਉਨ੍ਹਾਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ। ਪੁਲਿਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਮੁਲਜ਼ਮਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਵਿੱਚ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਕੀਕਤ ਅਤੇ ਸਾਗਰ ਨਾਮੀ ਗੈਂਗ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਇਸੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਹੋਰ ਸ਼ੂਟਰਾਂ ਨੂੰ ਹਰਿਆਣਾ ਦੇ ਬਹਾਦਰਗੜ੍ਹ ਤੋਂ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨ੍ਹਾਂ ਦੀ ਪਛਾਣ 19 ਸਾਲਾ ਅਰਮਾਨ ਅਤੇ 21 ਸਾਲਾ ਤੁਸ਼ਾਰ ਉਰਫ਼ ਤਾਸ਼ੂ ਉਰਫ਼ ਪਿੰਕੂ ਵਜੋਂ ਹੋਈ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਜਿੰਮ ‘ਤੇ ਫਾਇਰਿੰਗ ਵਿੱਚ ਆਪਣੀ ਭੂਮਿਕਾ ਵੀ ਕਬੂਲ ਕਰ ਲਈ ਸੀ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਸੀ।
ਜ਼ਿਕਰਯੋਗ ਹੈ ਕਿ 11 ਜੂਨ ਨੂੰ ਤੜਕੇ ਕਰੀਬ 4 ਵਜੇ ਪੱਛਮੀ ਵਿਹਾਰ ਸਥਿਤ 24HS ਫਿਟਨੈਸ ਜਿੰਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। ਘਟਨਾ ਸਥਾਨ ਤੋਂ ਪੁਲਿਸ ਨੂੰ ਸੱਤ ਖਾਲੀ ਕਾਰਤੂਸ ਮਿਲੇ ਸਨ। ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਨਾਮੀ ਗੈਂਗ ਨਾਲ ਜੁੜੇ ਇੱਕ ਵਿਅਕਤੀ ਨੇ ਪੋਸਟ ਸਾਂਝੀ ਕਰਕੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਸੀ।
ਫਿਲਹਾਲ ਦਿੱਲੀ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਾਜ਼ਿਸ਼ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਸਨ।
