ਪੰਜਾਬ ਕਾਂਗਰਸ ਵਿੱਚ ਚੱਲ ਰਹੀ ਧੜੇਬੰਦੀ ਦੇ ਵਿਚਕਾਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਦੇ ਬਾਹਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇ.ਸੀ. ਵੇਣੂਗੋਪਾਲ ਵੀ ਨਾਲ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਪਰਗਟ ਸਿੰਘ ਵੀ ਸ਼ਾਮਲ ਹੋਏ । ਇਹ ਸਾਰੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਰਾਤ ਦੇ ਖਾਣੇ ਮੌਕੇ ਇਕੱਠੇ ਹੋਏ।
ਉਧਰ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਦੌਰੇ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਹਾਈਕਮਾਨ ਨੂੰ ਉਲਝਣ ਵਿੱਚ ਪਾ ਦਿੱਤਾ ਹੈ । ਪੰਜਾਬ ਵਿਚ ਹੋਈਆਂ ਰੈਲੀਆਂ ਵਿੱਚ ਜਿਸ ਤਰ੍ਹਾਂ ਚੰਨੀ ਅਤੇ ਉਨ੍ਹਾਂ ਦੇ ਧੜੇ ਦੇ ਨੇਤਾਵਾਂ ਦੇ ਨਾਅਰੇ ਲੱਗੇ, ਉਸ ਨਾਲ ਹਾਈਕਮਾਂਡ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਮਜ਼ਬੂਰ ਹੋ ਗਈ। ਪੰਜਾਬ ਵਿੱਚ ਰਾਹੁਲ ਗਾਂਧੀ ਨੇ ਆਪਣੀ ਟੀਮ ਨੂੰ ਜ਼ਮੀਨੀ ਪੱਧਰ ‘ਤੇ ਉਤਾਰ ਦਿੱਤਾ ਹੈ।
23 ਜ਼ਿਲ੍ਹਿਆਂ ਵਿੱਚ ਪੰਜ ਟੀਮਾਂ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦੇ ਸਵਾਲ ‘ਤੇ ਲੋਕਾਂ ਤੋਂ ਫੀਡਬੈਕ ਲੈ ਰਹੀਆਂ ਹਨ। ਟੀਮਾਂ ਇੱਕ-ਦੋ ਦਿਨਾਂ ਵਿੱਚ ਆਪਣੀ ਰਿਪੋਰਟ ਤਿਆਰ ਕਰਕੇ ਰਾਹੁਲ ਗਾਂਧੀ ਦੇ ਦਫ਼ਤਰ ਨੂੰ ਸੌਂਪ ਦੇਣਗੀਆਂ। 25 ਅਗਸਤ ਤੋਂ ਪਹਿਲਾਂ ਹਾਈਕਮਾਂਡ ਇਸ ‘ਤੇ ਕੋਈ ਵੱਡਾ ਫੈਸਲਾ ਲਵੇਗੀ। ਹਾਈਕਮਾਂਡ ਕੋਲ ਇਹ ਫੀਡਬੈਕ ਗਈ ਹੈ ਕਿ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮਾਂ ਵਿੱਚ ਚੰਨੀ ਧੜੇ ਦੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕੇ.ਸੀ. ਵੇਣੂਗੋਪਾਲ ਨੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਬੁਲਾ ਕੇ ਝਿੜਕ ਲਗਾਈ ਸੀ। ਉਸ ਤੋਂ ਬਾਅਦ ਰਾਜਾ ਵੜਿੰਗ ਨੇ ਮੰਚ ਤੋਂ ਟਿਕਟਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, 2027 ਵਿੱਚ ਸਰਕਾਰ ਬਣਨ ‘ਤੇ ਲੋਕਾਂ ਨੂੰ ਮੁਫ਼ਤ ਰੇਤ ਦੇਣ ਦੀ ਯੋਜਨਾ ਵੀ ਜਾਰੀ ਕਰ ਦਿੱਤੀ।
