ਚੰਡੀਗੜ੍ਹ: ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਬਕਾਇਆ ਬਿਜਲੀ ਬਿੱਲਾਂ ਦਾ ਭੁਗਤਾਨ ਇੱਕੋ ਵਾਰ ਕਰਨ ਦੀ ਬਜਾਏ 6 ਮਹੀਨਾਵਾਰ ਕਿਸ਼ਤਾਂ ਵਿੱਚ ਕੀਤਾ ਜਾ ਸਕੇਗਾ। ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ (PSERC) ਨੇ ਵਨ ਟਾਈਮ ਸੈਟਲਮੈਂਟ (OTS) ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਾਲਾਂ ਤੋਂ ਬਕਾਇਆ ਪਏ ਬਿਜਲੀ ਬਿੱਲਾਂ ਦਾ ਨਿਪਟਾਰਾ ਸਿਰਫ਼ 6 ਫੀਸਦੀ ਸਾਲਾਨਾ ਸਧਾਰਨ ਵਿਆਜ ‘ਤੇ ਹੋ ਸਕੇਗਾ।
ਨਵੀਂ ਸਕੀਮ ਤਹਿਤ ਖਪਤਕਾਰਾਂ ਨੂੰ ਪੂਰੀ ਬਕਾਇਆ ਰਕਮ ਇੱਕੋ ਵਾਰ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਹੁਣ ਸਿਰਫ਼ 25 ਫੀਸਦੀ ਰਕਮ ਜਮ੍ਹਾਂ ਕਰਵਾ ਕੇ ਬਾਕੀ ਦੀ ਰਕਮ ਛੇ ਮਹੀਨਿਆਂ ਦੀਆਂ ਆਸਾਨ ਮਹੀਨਾਵਾਰ ਕਿਸ਼ਤਾਂ ਰਾਹੀਂ ਅਦਾ ਕੀਤੀ ਜਾ ਸਕੇਗੀ।
ਇਸ ਤੋਂ ਪਹਿਲਾਂ ਬਕਾਇਆ ਰਕਮ ‘ਤੇ 18 ਫੀਸਦੀ ਸਾਲਾਨਾ (1.5 ਫੀਸਦੀ ਪ੍ਰਤੀ ਮਹੀਨਾ) ਦੀ ਦਰ ਨਾਲ ਜੁਰਮਾਨਾ ਲੱਗਦਾ ਸੀ। ਨਵੀਂ ਵਿਵਸਥਾ ਤਹਿਤ ਇਸ ਨੂੰ ਘਟਾ ਕੇ ਸਿਰਫ਼ 6 ਫੀਸਦੀ ਸਾਲਾਨਾ ਸਧਾਰਨ ਵਿਆਜ ਕਰ ਦਿੱਤਾ ਗਿਆ ਹੈ, ਜਿਸ ਨਾਲ ਲੱਖਾਂ ਖਪਤਕਾਰਾਂ ਨੂੰ ਵੱਡੀ ਵਿੱਤੀ ਰਾਹਤ ਮਿਲਣ ਦੀ ਉਮੀਦ ਹੈ।
ਰਿਪੋਰਟ ਅਨੁਸਾਰ, 31 ਮਾਰਚ 2025 ਤੱਕ ਪੰਜਾਬ ਵਿੱਚ 19,33,743 ਖਪਤਕਾਰਾਂ ਦੇ ਕੁੱਲ 4,155.70 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਖਪਤਕਾਰਾਂ ਅਤੇ ਉਦਯੋਗਿਕ ਸੰਸਥਾਵਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ ਭੁਗਤਾਨ ਪ੍ਰਣਾਲੀ ਵਿੱਚ ਇਹ ਵੱਡੀ ਰਾਹਤ ਦਿੱਤੀ ਹੈ।
