ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਵੱਧ ਗਿਆ ਹੈ। ਜੰਗਬੰਦੀ ਦੇ ਬਾਵਜੂਦ ਅਮਰੀਕਾ ਨੇ ਬੁੱਧਵਾਰ ਸਵੇਰੇ ਈਰਾਨ ਦੇ 80 ਤੋਂ ਵੱਧ ਫੌਜੀ ਟਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਹਵਾਈ ਹਮਲੇ ਕੀਤੇ। ਇਹ ਕਾਰਵਾਈ ਹੋਰਮੁਜ਼ ਜਲਡਮਰੂ ਵਿੱਚੋਂ ਲੰਘ ਰਹੇ ਤਿੰਨ ਵਪਾਰਕ ਜਹਾਜ਼ਾਂ ‘ਤੇ ਹੋਏ ਹਮਲਿਆਂ ਦੇ ਜਵਾਬ ਵਜੋਂ ਕੀਤੀ ਗਈ।
ਅਮਰੀਕੀ ਕੇਂਦਰੀ ਕਮਾਂਡ (CENTCOM) ਮੁਤਾਬਕ ਇਸ ਆਪਰੇਸ਼ਨ ਦਾ ਮਕਸਦ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਈਰਾਨ ਦੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਸੀ। ਹਮਲਿਆਂ ਤੋਂ ਬਾਅਦ ਈਰਾਨ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਬਦਲੇ ਦੀ ਚਿਤਾਵਨੀ ਦਿੱਤੀ ਹੈ।
ਅਮਰੀਕੀ ਫੌਜ ਅਨੁਸਾਰ ਹਵਾਈ ਹਮਲਿਆਂ ਦੌਰਾਨ ਈਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ ਅਤੇ ਕੰਟਰੋਲ ਕੇਂਦਰ, ਤੱਟਵਰਤੀ ਰਾਡਾਰ ਸਟੇਸ਼ਨ, ਜਹਾਜ਼ ਵਿਰੋਧੀ ਮਿਜ਼ਾਈਲ ਲਾਂਚਰ, ਡਰੋਨ ਲਾਂਚ ਸਾਈਟਾਂ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਸਬੰਧਤ 60 ਤੋਂ ਵੱਧ ਤੇਜ਼ ਰਫ਼ਤਾਰ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਬੰਦਰ ਅੱਬਾਸ, ਕੇਸ਼ਮ ਟਾਪੂ ਅਤੇ ਸਿਰਿਕ ਦੇ ਆਲੇ-ਦੁਆਲੇ ਸਥਿਤ ਕਈ ਫੌਜੀ ਸਥਾਪਨਾਵਾਂ ‘ਤੇ ਵੀ ਹਮਲੇ ਕੀਤੇ ਗਏ।
ਅਮਰੀਕਾ ਦਾ ਦਾਅਵਾ ਹੈ ਕਿ ਹੋਰਮੁਜ਼ ਜਲਡਮਰੂ ਵਿੱਚੋਂ ਲੰਘ ਰਹੇ ਤਿੰਨ ਵਪਾਰਕ ਜਹਾਜ਼ਾਂ—ਮਾਰਸ਼ਲ ਆਈਲੈਂਡ ਦੇ ਝੰਡੇ ਵਾਲੇ M/T Al Rekayyat, ਸਾਊਦੀ ਅਰਬ ਦੇ M/T Wedyan ਅਤੇ ਲਾਇਬੇਰੀਆ ਦੇ M/T Cyprus Prosperity—’ਤੇ ਕੁਝ ਘੰਟੇ ਪਹਿਲਾਂ ਹਮਲੇ ਕੀਤੇ ਗਏ ਸਨ। ਵਾਸ਼ਿੰਗਟਨ ਨੇ ਇਨ੍ਹਾਂ ਹਮਲਿਆਂ ਲਈ ਸਿੱਧੇ ਤੌਰ ‘ਤੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ।
ਉੱਧਰ ਈਰਾਨ ਦੇ ਫੌਜੀ ਨੇਤ੍ਰਿਤਵ ਨੇ ਅਮਰੀਕੀ ਕਾਰਵਾਈ ਨੂੰ “ਖੁੱਲ੍ਹੀ ਆਕਰਮਕਤਾ” ਕਰਾਰ ਦਿੰਦਿਆਂ ਕਰਾਰਾ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਹੈ। ਤਾਜ਼ਾ ਘਟਨਾਕ੍ਰਮ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ ਅਤੇ ਜੰਗਬੰਦੀ ਦੇ ਭਵਿੱਖ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। (AP News)
