ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਐਤਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰਿਆ। ਲੈਂਡਿੰਗ ਤੋਂ ਬਾਅਦ ਇੱਕ ਬੋਇੰਗ ਕਾਰਗੋ ਜਹਾਜ਼ ਰਨਵੇ ਤੋਂ ਬਾਹਰ ਨਿਕਲ ਗਿਆ ਅਤੇ ਕਈ ਗੱਡੀਆਂ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ।
ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਜਹਾਜ਼ Amazon Prime Air ਦੇ ਨੈਟਵਰਕ ਲਈ ਸੰਚਾਲਿਤ ਕੀਤਾ ਜਾ ਰਿਹਾ ਸੀ। ਇਹ ਪਿਊਰਟੋ ਰੀਕੋ ਦੇ ਲੁਇਸ ਮੁਨੋਜ਼ ਮਾਰਿਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰ ਕੇ ਮਿਆਮੀ ਪਹੁੰਚਿਆ ਸੀ। ਜਹਾਜ਼ ਨੇ ਰਨਵੇ 30 ‘ਤੇ ਲੈਂਡਿੰਗ ਕੀਤੀ ਸੀ।
ਹਾਦਸੇ ਦੇ ਸਮੇਂ ਜਹਾਜ਼ ਦੀ ਰਫ਼ਤਾਰ ਲਗਭਗ 112 ਨਾਟ (ਕਰੀਬ 129 ਮੀਲ ਪ੍ਰਤੀ ਘੰਟਾ) ਦੱਸੀ ਜਾ ਰਹੀ ਹੈ। ਰਨਵੇ ਤੋਂ ਬਾਹਰ ਨਿਕਲਣ ਤੋਂ ਬਾਅਦ ਜਹਾਜ਼ ਕਈ ਵਾਹਨਾਂ ਨਾਲ ਟਕਰਾਇਆ, ਜਿਸ ਕਾਰਨ ਕੁਝ ਲੋਕ ਗੱਡੀਆਂ ਵਿੱਚ ਫਸ ਗਏ। ਪਾਇਲਟ ਅਤੇ ਕੋ-ਪਾਇਲਟ ਵੀ ਕਾਕਪਿਟ ਵਿੱਚ ਫਸ ਗਏ ਸਨ।
ਮੌਕੇ ‘ਤੇ 60 ਤੋਂ ਵੱਧ ਫਾਇਰ ਅਤੇ ਰੈਸਕਿਊ ਯੂਨਿਟਾਂ ਅਤੇ ਕਰੀਬ 200 ਐਮਰਜੈਂਸੀ ਕਰਮਚਾਰੀ ਪਹੁੰਚੇ। ਬਚਾਅ ਟੀਮਾਂ ਨੇ ਅੱਗ ‘ਤੇ ਕਾਬੂ ਪਾਉਂਦਿਆਂ ਫਸੇ ਲੋਕਾਂ ਨੂੰ ਬਾਹਰ ਕੱਢਿਆ। ਕਈ ਘੰਟਿਆਂ ਬਾਅਦ ਤੱਕ ਜਹਾਜ਼ ਤੋਂ ਈਂਧਣ ਰਿਸਾਅ ਦੀ ਸਮੱਸਿਆ ਵੀ ਬਣੀ ਰਹੀ।
ਅਧਿਕਾਰੀਆਂ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਲੈਂਡਿੰਗ ਤੋਂ ਬਾਅਦ ਸਮੇਂ ਸਿਰ ਕਿਉਂ ਨਹੀਂ ਰੁਕ ਸਕਿਆ। ਹਾਦਸੇ ਦੇ ਕਾਰਨਾਂ ਦੀ ਜਾਂਚ FAA ਅਤੇ National Transportation Safety Board (NTSB) ਵੱਲੋਂ ਕੀਤੀ ਜਾ ਰਹੀ ਹੈ।
