ਪੰਜਾਬ ਵਿੱਚ ਇੱਕ ਵਾਰ ਫਿਰ ਬਿਜਲੀ ਸੰਕਟ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿੱਚ ਬਿਜਲੀ ਕੱਟ ਵਧਣ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਉਦਯੋਗਿਕ ਖੇਤਰ ਲਈ ਵੀ ਚਿੰਤਾ ਵਧ ਗਈ ਹੈ।
ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇਸ ਮਾਮਲੇ ਨੂੰ ਲੈ ਕੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਕੋਲੇ ਦੀ ਕਮੀ ਕਾਰਨ ਪੰਜਾਬ ਨੂੰ ਘਰੇਲੂ ਅਤੇ ਉਦਯੋਗਿਕ ਖੇਤਰ ਵਿੱਚ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੰਤਰੀ ਮੁਤਾਬਕ ਦੇਸ਼ ਭਰ ਵਿੱਚ 63,000 ਮੈਗਾਵਾਟ ਸਮਰੱਥਾ ਵਾਲੇ ਥਰਮਲ ਪਾਵਰ ਪਲਾਂਟ ਕੋਲੇ ਦੀ ਕਮੀ ਨਾਲ ਪ੍ਰਭਾਵਿਤ ਹੋਏ ਹਨ। ਜ਼ਿਆਦਾਤਰ ਨਿੱਜੀ ਬਿਜਲੀ ਪਲਾਂਟਾਂ ਕੋਲ ਕਰੀਬ 4 ਦਿਨ ਦਾ ਕੋਲਾ ਸਟਾਕ ਬਚਿਆ ਹੈ, ਜਿਸ ਕਾਰਨ ਉਹ ਆਪਣੀ ਸਮਰੱਥਾ ਦੇ ਲਗਭਗ ਅੱਧੇ ਹਿੱਸੇ ‘ਤੇ ਹੀ ਚੱਲ ਰਹੇ ਹਨ।
ਰਾਜਪੁਰਾ ਅਤੇ ਤਲਵੰਡੀ ਸਾਬੋ ਪਲਾਂਟ ਪ੍ਰਭਾਵਿਤ
ਬਿਜਲੀ ਮੰਤਰੀ ਨੇ ਦੱਸਿਆ ਕਿ ਨਾਭਾ ਪਾਵਰ ਲਿਮਟਿਡ, ਰਾਜਪੁਰਾ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ, ਮਾਨਸਾ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕੋਲੇ ‘ਤੇ ਨਿਰਭਰ ਹਨ। ਕੋਲੇ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਦੋਵੇਂ ਪਲਾਂਟ ਇਸ ਸਮੇਂ ਲਗਭਗ ਅੱਧੀ ਸਮਰੱਥਾ ‘ਤੇ ਬਿਜਲੀ ਪੈਦਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਥਰਮਲ ਪਲਾਂਟਾਂ ਨੂੰ ਪੰਜਾਬ ਸਰਕਾਰ ਵੱਲੋਂ ਖੁਦ ਕੋਲਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਕੋਲ ਅਜੇ ਵੀ ਕਰੀਬ 10 ਦਿਨ ਦਾ ਸਟਾਕ ਮੌਜੂਦ ਹੈ।
ਬਿਜਲੀ ਉਤਪਾਦਨ ਵਿੱਚ 1500 ਮੈਗਾਵਾਟ ਦੀ ਕਮੀ
ਸੌਂਦ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਰ ਗੰਭੀਰ ਹੋ ਗਿਆ ਹੈ ਅਤੇ ਸੂਬੇ ਵਿੱਚ ਬਿਜਲੀ ਉਤਪਾਦਨ ਲਗਭਗ 1500 ਮੈਗਾਵਾਟ ਤੱਕ ਘਟ ਗਿਆ ਹੈ।
ਬਿਜਲੀ ਮੰਤਰੀ ਨੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਸਮੇਤ ਦੇਸ਼ ਦੇ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੋਲੇ ਦੀ ਕਮੀ ਕਦੋਂ ਤੱਕ ਦੂਰ ਹੋਵੇਗੀ ਅਤੇ ਸੂਬਿਆਂ ਵਿੱਚ ਆਮ ਲੋਕਾਂ ਤੇ ਉਦਯੋਗਾਂ ਨੂੰ ਬਿਨਾਂ ਰੁਕਾਵਟ ਬਿਜਲੀ ਕਦੋਂ ਤੱਕ ਮਿਲ ਸਕੇਗੀ।
ਉਨ੍ਹਾਂ ਕੇਂਦਰ ਸਰਕਾਰ ਨੂੰ ਕੋਲੇ ਦੀ ਕਮੀ ਦੂਰ ਕਰਨ ਲਈ ਤੁਰੰਤ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
