ਮੋਹਾਲੀ ਦੇ ਸੈਕਟਰ-101 ਤੇ 103 ’ਚ ਪ੍ਰਸਤਾਵਿਤ ਉਦਯੋਗਿਕ ਪਾਰਕ ਲਈ ਲਗਪਗ 300 ਏਕੜ ਜ਼ਮੀਨ ਦੇ ਐਕਵਾਇਰ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ’ਚ ਜਵਾਬ ਮੰਗਿਆ ਹੈ। ਪ੍ਰਭਾਵਿਤ ਕਿਸਾਨਾਂ ਤੇ ਜ਼ਮੀਨ ਮਾਲਕਾਂ ਨੇ ਐਕਵਾਇਰ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਇਹ ਜ਼ਮੀਨ ਬਹੁਤ ਹੀ ਉਪਜਾਊ ਹੈ, ਜਿਸ ਦੇ ਐਕਵਾਇਰ ਨਾਲ ਨਾ ਸਿਰਫ ਖੇਤੀਬਾੜੀ, ਸਗੋਂ ਵਾਤਾਵਰਣ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਪਟੀਸ਼ਨਕਰਤਾਵਾਂ ਨੇ ਅਦਾਲਤ ਨੂੰ ਦੱਸਿਆ ਕਿ ਇਸ ਖੇਤਰ ’ਚ ਉਦਯੋਗਿਕ ਪਾਰਕ ਦੇ ਵਿਕਾਸ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਜਦਕਿ ਸਥਾਨਕ ਕਿਸਾਨ ਤੇ ਜਮੀਂਦਾਰ ਇਸ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਖੇਤੀਯੋਗ ਜ਼ਮੀਨ ਹੈ, ਜਿਸ ‘ਤੇ ਕਈ ਪਰਿਵਾਰਾਂ ਦੀ ਆਜੀਵਿਕਾ ਨਿਰਭਰ ਕਰਦੀ ਹੈ।
