ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਗੌੜੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। AGTF ਦੀ ਟੀਮ ਉਸ ਨੂੰ ਅੰਮ੍ਰਿਤਸਰ ਲੈ ਕੇ ਆ ਰਹੀ ਹੈ, ਜਿੱਥੇ ਉਸ ਤੋਂ ਕਈ ਸੰਗੀਨ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਜਾਵੇਗੀ।
ਜੋਬਨਜੀਤ ਸਿੰਘ ਕਤਲ, ਕਤਲ ਦੀ ਕੋਸ਼ਿਸ਼, NDPS ਐਕਟ ਅਤੇ ਅਸਲਾ ਐਕਟ ਤਹਿਤ ਦਰਜ ਕਈ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਸੀ। ਪੰਜਾਬ ਵਿੱਚ ਦਰਜ ਚਾਰ ਕਤਲ ਦੇ ਕੇਸਾਂ ਵਿੱਚ ਵੀ ਉਸ ਦਾ ਨਾਮ ਸ਼ਾਮਲ ਹੈ। ਇਸ ਪੂਰੇ ਆਪ੍ਰੇਸ਼ਨ ਨੂੰ AGTF ਨੇ OFTEC ਪੰਜਾਬ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਅੰਜਾਮ ਦਿੱਤਾ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਕਾਮਯਾਬੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਫਰਾਰ ਹੋ ਕੇ ਵਿਦੇਸ਼ਾਂ ਵਿੱਚ ਲੁਕੇ ਹੋਏ ਮੁਲਜ਼ਮਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ AGTF ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ।
ਪੁਲਿਸ ਮੁਤਾਬਕ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਅਰਜਨ ਮੰਗਾ ਦਾ ਰਹਿਣ ਵਾਲਾ ਜੋਬਨ ਬਿੱਲਾ ਇੱਕ ਸਰਗਰਮ ਗੈਂਗ ਦਾ ਮੈਂਬਰ ਹੈ। ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰਨ ਵਸੂਲੀ ਅਤੇ ਗੈਂਗ ਦੇ ਹੋਰ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਦੋਸ਼ ਹਨ।
ਪੁਲਿਸ ਰਿਕਾਰਡ ਅਨੁਸਾਰ ਉਸ ਖ਼ਿਲਾਫ਼ 10 ਤੋਂ ਵੱਧ ਐਫਆਈਆਰ ਦਰਜ ਹਨ। ਇਨ੍ਹਾਂ ਵਿੱਚ 2023 ਵਿੱਚ ਸਥਿਆਲਾ ਪਿੰਡ ਵਿੱਚ ਜਰਨੈਲ ਸਿੰਘ ਦੇ ਕਤਲ ਦਾ ਮਾਮਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਜਬਰਨ ਵਸੂਲੀ ਦੇ ਕਈ ਮਾਮਲਿਆਂ ਵਿੱਚ ਵੀ ਉਸ ਦੀ ਭੂਮਿਕਾ ਸਾਹਮਣੇ ਆਈ ਹੈ।
ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਜੋਬਨਜੀਤ ਸਿੰਘ ਅਤੇ ਉਸ ਦਾ ਭਰਾ ਗੁਰਵਿੰਦਰ ਸਿੰਘ ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਦੇ ਸਨ। ਪੈਸੇ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਪੁਲਿਸ ਅਨੁਸਾਰ ਉਹ ਦੁਬਈ ਅਤੇ ਹੋਰ ਵਿਦੇਸ਼ੀ ਦੇਸ਼ਾਂ ਤੋਂ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ।
ਹੁਣ ਉਸ ਨੂੰ ਭਾਰਤ ਲਿਆਂਦੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਕਈ ਪੁਰਾਣੇ ਮਾਮਲਿਆਂ ਦੀ ਜਾਂਚ ਵਿੱਚ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਅਤੇ ਗੈਂਗ ਦੇ ਨੈੱਟਵਰਕ ਬਾਰੇ ਵੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
