ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦੀ ਨੌਜਵਾਨ ਜਿਮਨਾਸਟ ਪ੍ਰਤਿਸ਼ਠਾ ਸਾਮੰਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਵਾਲਟ ਮੁਕਾਬਲੇ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਿਰਫ਼ 22 ਸਾਲ ਦੀ ਉਮਰ ਵਿੱਚ ਅਤੇ ਸੱਟ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਕਾਬਲੀਅਤ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਪੱਛਮੀ ਬੰਗਾਲ ਨਾਲ ਸੰਬੰਧਤ ਪ੍ਰਤਿਸ਼ਠਾ ਕੁਆਲੀਫਾਇੰਗ ਦੌਰਾਨ ਸੱਜੇ ਪੈਰ ‘ਤੇ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਉਤਰੀ। ਪਹਿਲੇ ਵਾਲਟ ਵਿੱਚ ਉਨ੍ਹਾਂ ਨੇ 5.0 ਡਿਫਿਕਲਟੀ ਸਕੋਰ ਨਾਲ 8.550 ਐਗਜ਼ੀਕਿਊਸ਼ਨ ਸਕੋਰ ਹਾਸਲ ਕਰਦੇ ਹੋਏ ਕੁੱਲ 13.550 ਅੰਕ ਬਣਾਏ। ਦੂਜੇ ਵਾਲਟ ਵਿੱਚ 4.0 ਡਿਫਿਕਲਟੀ ਦੇ ਨਾਲ 8.700 ਐਗਜ਼ੀਕਿਊਸ਼ਨ ਸਕੋਰ ਮਿਲਿਆ ਅਤੇ ਕੁੱਲ 12.700 ਅੰਕ ਪ੍ਰਾਪਤ ਕੀਤੇ। ਦੋਵੇਂ ਕੋਸ਼ਿਸ਼ਾਂ ਦਾ ਔਸਤ 13.025 ਰਿਹਾ, ਜਿਸ ਨਾਲ ਉਹ ਛੇਵੇਂ ਸਥਾਨ ‘ਤੇ ਰਹਿੰਦਿਆਂ ਵਾਲਟ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਰਹੀ।
ਭਾਰਤੀ ਮਹਿਲਾ ਜਿਮਨਾਸਟਿਕ ਟੀਮ, ਜਿਸ ਵਿੱਚ ਪ੍ਰਣਤੀ ਨਾਇਕ, ਪ੍ਰਤਿਸ਼ਠਾ ਸਾਮੰਤਾ, ਨਿਸ਼ਕਾ ਅਗਰਵਾਲ ਅਤੇ ਇਸ਼ਿਤਾ ਰੇਵਾਲੇ ਸ਼ਾਮਲ ਸਨ, ਨੇ ਚਾਰੋਂ ਰੋਟੇਸ਼ਨਾਂ ਵਿੱਚ ਮਿਲਾਕੇ 123.000 ਅੰਕ ਹਾਸਲ ਕੀਤੇ ਅਤੇ ਟੀਮ ਮੁਕਾਬਲੇ ਵਿੱਚ ਨੌਵਾਂ ਸਥਾਨ ਪ੍ਰਾਪਤ ਕੀਤਾ। ਇਸ ਈਵੈਂਟ ਵਿੱਚ ਆਸਟ੍ਰੇਲੀਆ ਨੇ ਸੋਨ ਤਮਗਾ, ਕੈਨੇਡਾ ਨੇ ਚਾਂਦੀ ਅਤੇ ਇੰਗਲੈਂਡ ਨੇ ਕਾਂਸੀ ਦਾ ਤਮਗਾ ਜਿੱਤਿਆ।
ਵਿਅਕਤੀਗਤ ਮੁਕਾਬਲੇ ਵਿੱਚ ਭਾਰਤ ਦੀ ਅਨੁਭਵੀ ਜਿਮਨਾਸਟ ਪ੍ਰਣਤੀ ਨਾਇਕ ਫਾਈਨਲ ਵਿੱਚ ਥਾਂ ਬਣਾਉਣ ਤੋਂ ਥੋੜ੍ਹੀ ਦੂਰ ਰਹਿ ਗਈ। ਉਨ੍ਹਾਂ ਨੇ 12.575 ਦੇ ਔਸਤ ਸਕੋਰ ਨਾਲ 11ਵਾਂ ਸਥਾਨ ਹਾਸਲ ਕੀਤਾ ਅਤੇ ਤੀਜੀ ਰਿਜ਼ਰਵ ਰਹੀ। ਆਖਰੀ ਸਬਡਵੀਜ਼ਨ ਦੇ ਨਤੀਜਿਆਂ ਤੋਂ ਬਾਅਦ ਉਹ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।
ਹੁਣ ਭਾਰਤੀ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਪ੍ਰਤਿਸ਼ਠਾ ਸਾਮੰਤਾ ‘ਤੇ ਟਿਕੀਆਂ ਹਨ, ਜਿਨ੍ਹਾਂ ਤੋਂ ਵਾਲਟ ਫਾਈਨਲ ਵਿੱਚ ਤਮਗੇ ਦੀ ਉਮੀਦ ਕੀਤੀ ਜਾ ਰਹੀ ਹੈ।
