ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਵਿੱਚ ਹਿੰਸਕ ਕਾਰਜੈਕਿੰਗ ਅਤੇ ਮਹਿੰਗੀਆਂ ਗੱਡੀਆਂ ਦੀ ਚੋਰੀ ਦੇ ਮਾਮਲਿਆਂ ਵਿੱਚ ਪੀਲ ਰਿਜਨਲ ਪੁਲੀਸ ਨੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੁੱਲ 128 ਦੋਸ਼ ਆਇਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪੰਜਾਬੀ ਮੂਲ ਦੇ ਕਈ ਨੌਜਵਾਨਾਂ ਦੇ ਨਾਂ ਵੀ ਸ਼ਾਮਲ ਹਨ।
ਪੁਲੀਸ ਅਨੁਸਾਰ ‘ਪ੍ਰੋਜੈਕਟ ਹਾਈ ਗਾਰਡ’ ਤਹਿਤ ਕੀਤੀ ਜਾਂਚ ਦੌਰਾਨ 21 ਘਟਨਾਵਾਂ ਦੀਆਂ ਕੜੀਆਂ ਜੋੜੀਆਂ ਗਈਆਂ ਹਨ। ਜੂਨ 2025 ਤੋਂ ਅਪਰੈਲ 2026 ਤੱਕ ਚਲਾਈ ਗਈ ਇਸ ਜਾਂਚ ਦਾ ਮੁੱਖ ਉਦੇਸ਼ ਵਾਹਨ ਚੋਰੀਆਂ ਅਤੇ ਹਿੰਸਕ ਲੁੱਟਾਂ-ਖੋਹਾਂ ਵਿੱਚ ਸ਼ਾਮਲ ਕਥਿਤ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨਾ ਸੀ। ਜਾਂਚਕਰਤਾਵਾਂ ਮੁਤਾਬਕ ਕੁਝ ਵਾਰਦਾਤਾਂ ਦੌਰਾਨ ਚਾਕੂਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਲੋਕਾਂ ਨੂੰ ਧਮਕਾਇਆ ਗਿਆ ਅਤੇ ਉਨ੍ਹਾਂ ਉੱਤੇ ਹਮਲੇ ਵੀ ਕੀਤੇ ਗਏ।
