ਰੂਸ-ਯੂਕਰੇਨ ਜੰਗ ਦੇ ਮੈਦਾਨ ਵਿੱਚ ਫਸੇ ਪਟਿਆਲਾ ਦੇ ਨੌਜਵਾਨ ਦੀ 9 ਮਹੀਨਿਆਂ ਬਾਅਦ ਵਤਨ ਵਾਪਸੀ ਹੋਈ। ਸਾਂਸਦ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਨੌਜਵਾਨ ਸੁਰੱਖਿਅਤ ਆਪਣੇ ਪਰਿਵਾਰ ਕੋਲ ਪਹੁੰਚ ਗਿਆ। ਸਟੱਡੀ ਵੀਜ਼ੇ ’ਤੇ ਰੂਸ ਗਿਆ ਗਗਨਦੀਪ ਸਿੰਘ ਕਥਿਤ ਤੌਰ ’ਤੇ ਆਪਣੇ ਸਾਥੀਆਂ ਦੇ ਝਾਂਸੇ ਵਿੱਚ ਆ ਕੇ ਰੂਸੀ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਕੁਝ ਸਮੇਂ ਦੀ ਟਰੇਨਿੰਗ ਤੋਂ ਬਾਅਦ ਉਸਨੂੰ ਰੂਸ-ਯੂਕਰੇਨ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ।
ਜੰਗ ਦੌਰਾਨ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੱਕ ਪਹੁੰਚ ਗਿਆ ਅਤੇ ਉੱਥੇ ਮਾਈਨ ਧਮਾਕੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਪਿੱਛੇ ਭੇਜ ਦਿੱਤਾ ਗਿਆ। ਪਰਿਵਾਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਵਾਪਸੀ ਦੀ ਉਮੀਦ ਵੀ ਲਗਭਗ ਖਤਮ ਹੋ ਚੁੱਕੀ ਸੀ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮਾਮਲਾ ਵਿਦੇਸ਼ ਮੰਤਰਾਲੇ ਤੱਕ ਪਹੁੰਚਾਉਣ ਅਤੇ ਲਗਾਤਾਰ ਯਤਨ ਕਰਨ ਤੋਂ ਬਾਅਦ ਗਗਨਦੀਪ ਸਿੰਘ 26 ਅਗਸਤ 2026 ਨੂੰ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਪਹੁੰਚਿਆ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਗਗਨਦੀਪ ਸਿੰਘ ਮਈ 2025 ਵਿੱਚ ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ। ਉਨ੍ਹਾਂ ਮੁਤਾਬਕ ਸਤੰਬਰ 2025 ਦੌਰਾਨ ਉਸ ਦੇ ਕੁਝ ਸਾਥੀਆਂ ਵੱਲੋਂ ਉਸਨੂੰ ਕਰੀਬ 2 ਲੱਖ ਰੁਪਏ ਮਹੀਨਾ ਤਨਖਾਹ ਦਾ ਲਾਲਚ ਦੇ ਕੇ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ। ਗਗਨਦੀਪ ਨੂੰ ਦੱਸਿਆ ਗਿਆ ਸੀ ਕਿ ਉਸਨੂੰ ਸਿਰਫ਼ ਬੰਕਰ ਤਿਆਰ ਕਰਨ ਵਰਗਾ ਕੰਮ ਕਰਨਾ ਹੋਵੇਗਾ, ਪਰ ਨੌਜਵਾਨ ਦੇ ਮੁਤਾਬਕ ਕੁਝ ਸਮੇਂ ਦੀ ਟਰੇਨਿੰਗ ਤੋਂ ਬਾਅਦ ਉਸਨੂੰ ਸਿੱਧਾ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸਦਾ ਪਰਿਵਾਰ ਨਾਲ ਸੰਪਰਕ ਵੀ ਪੂਰੀ ਤਰ੍ਹਾਂ ਟੁੱਟ ਗਿਆ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ 20 ਜਨਵਰੀ 2026 ਨੂੰ ਉਨ੍ਹਾਂ ਨਾਲ ਸੰਪਰਕ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਤਿੰਨ ਵਾਰ ਪੱਤਰ ਲਿਖੇ ਗਏ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਵੀ ਗਗਨਦੀਪ ਦੀ ਵਤਨ ਵਾਪਸੀ ਦਾ ਮਾਮਲਾ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਰੂਸੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਮੁੱਦਾ ਸੰਸਦ ਵਿੱਚ ਵੀ ਉਠਾਇਆ ਗਿਆ ਅਤੇ ਸਰਕਾਰ ਕੋਲ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਲਗਾਤਾਰ ਪਹੁੰਚ ਕੀਤੀ ਗਈ।
