ਬਠਿੰਡਾ ਦੇ ਇਕ ਵਿਅਕਤੀ ਨੂੰ ਡਿਜੀਟਲ ਅਰੇਸਟ ਕਰਕੇ 35 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਜਾਹਿਦ ਤੇ ਨੂਰ ਆਲਮ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਠੱਗੀ ਦੀ ਰਕਮ ਮੰਗਵਾਉਣ ਲਈ ਇਕ ਫਰਜ਼ੀ ਕੰਸਟਰਕਸ਼ਨ ਕੰਪਨੀ ਬਣਾਈ ਹੋਈ ਸੀ। ਪੀੜਤ ਤੋਂ ਡਿਜੀਟਲ ਅਰੇਸਟ ਦੌਰਾਨ ਜਿਨ੍ਹਾਂ ਖਾਤਿਆਂ ’ਚ ਰਕਮ ਟਰਾਂਸਫਰ ਕਰਵਾਈ ਗਈ, ਉਨ੍ਹਾਂ ’ਚ ਇਸ ਕੰਪਨੀ ਨਾਲ ਸਬੰਧਤ ਖਾਤੇ ਵੀ ਸ਼ਾਮਲ ਸਨ। ਕੰਪਨੀ ਦੇ ਦਸਤਾਵੇਜ਼ਾਂ ਅਤੇ ਬੈਂਕ ਖਾਤਿਆਂ ਦੀ ਜਾਂਚ ’ਚ ਇਸ ਦੇ ਫਰਜ਼ੀ ਹੋਣ ਦੀ ਗੱਲ ਸਾਹਮਣੇ ਆਈ। ਪੁਲਿਸ ਮੁਤਾਬਕ ਇਸ ਦਾ ਸੰਚਾਲਨ ਗ੍ਰਿਫ਼ਤਾਰ ਦੋਵੇਂ ਮੁਲਜ਼ਮ ਕਰ ਰਹੇ ਸਨ।
