ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਕਈ ਥਾਈਂ ਮੌਸਮ ਬਦਲ ਗਿਆ। ਸੂਬੇ ਦੇ ਕਈ ਥਾਈਂ ਸਵੇਰ ਤੋਂ ਕਿਣਮਿਣ ਹੋਣੀ ਸ਼ੁਰੂ ਹੋ ਗਈ ਹੈ। ਕਈ ਥਾਈਂ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਚੰਡੀਗੜ੍ਹ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਅਤੇ 30 ਅਕਤੂਬਰ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੜਕਣ ਅਤੇ ਤੇਜ਼ ਹਵਾਵਾਂ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਜਦਕਿ ਕੁਝ ਥਾਵਾਂ ‘ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ। ਵਿਭਾਗ ਨੇ ਇਨ੍ਹਾਂ ਦੋ ਦਿਨਾਂ ਲਈ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਤੂਫ਼ਾਨ ਅਤੇ ਗੜ੍ਹੇਮਾਰੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ, 31 ਅਕਤੂਬਰ ਤੋਂ ਮੌਸਮ ਦੇ ਮੁੜ ਆਮ ਵਰਗਾ ਹੋ ਜਾਣ ਦੀ ਉਮੀਦ ਹੈ।
ਬੁੱਧਵਾਰ ਦੇ ਮੁਕਾਬਲੇ, ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਤਾਪਮਾਨ ਹੁਣ ਲਗਭਗ ਆਮ ਪੱਧਰ ‘ਤੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ, 36.2 ਡਿਗਰੀ, ਫਰੀਦਕੋਟ ਵਿਚ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 28 ਅਕਤੂਬਰ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਿਹਾ, ਜੋ ਕਿ ਆਮ ਨਾਲੋਂ 4.2 ਡਿਗਰੀ ਵੱਧ ਸੀ।
