ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਗਲਾਸਗੋ ਕਾਮਨਵੈਲਥ ਗੇਮਸ 2026 ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤ ਲਿਆ। ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਨੂੰ ਨੇ ਕੁੱਲ 190 ਕਿਲੋਗ੍ਰਾਮ (85 ਕਿਲੋ ਸਨੈਚ + 105 ਕਿਲੋ ਕਲੀਨ ਐਂਡ ਜਰਕ) ਭਾਰ ਚੁੱਕ ਕੇ ਗੋਲਡ ਆਪਣੇ ਨਾਮ ਕੀਤਾ।
ਇਸ ਜਿੱਤ ਨਾਲ ਮੀਰਾਬਾਈ ਚਾਨੂੰ ਨੇ ਇਤਿਹਾਸ ਰਚ ਦਿੱਤਾ। ਇਹ ਉਨ੍ਹਾਂ ਦਾ ਲਗਾਤਾਰ ਤੀਜਾ ਕਾਮਨਵੈਲਥ ਗੇਮਸ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਹ ਗੋਲਡ ਕੋਸਟ 2018 ਅਤੇ ਬਰਮਿੰਘਮ 2022 ਵਿੱਚ ਵੀ ਸੋਨ ਤਗਮਾ ਜਿੱਤ ਚੁੱਕੀਆਂ ਹਨ, ਜਦਕਿ ਗਲਾਸਗੋ 2014 ਵਿੱਚ ਉਨ੍ਹਾਂ ਨੇ ਸਿਲਵਰ ਮੈਡਲ ਹਾਸਲ ਕੀਤਾ ਸੀ।
ਮੁਕਾਬਲੇ ਦੀ ਸ਼ੁਰੂਆਤ ਚਾਨੂੰ ਲਈ ਆਸਾਨ ਨਹੀਂ ਰਹੀ। ਸਨੈਚ ਦੀ ਪਹਿਲੀ ਕੋਸ਼ਿਸ਼ ਵਿੱਚ ਉਹ 82 ਕਿਲੋਗ੍ਰਾਮ ਭਾਰ ਨਹੀਂ ਚੁੱਕ ਸਕੀਆਂ, ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੂਜੀ ਕੋਸ਼ਿਸ਼ ਵਿੱਚ 82 ਕਿਲੋ ਅਤੇ ਤੀਜੀ ਵਿੱਚ 85 ਕਿਲੋ ਭਾਰ ਚੁੱਕ ਕੇ ਕਾਮਨਵੈਲਥ ਰਿਕਾਰਡ ਆਪਣੇ ਨਾਮ ਕਰ ਲਿਆ।
ਕਲੀਨ ਐਂਡ ਜਰਕ ਵਿੱਚ ਵੀ ਪਹਿਲੀ ਕੋਸ਼ਿਸ਼ ਅਸਫਲ ਰਹੀ, ਪਰ ਦੂਜੀ ਕੋਸ਼ਿਸ਼ ਵਿੱਚ 105 ਕਿਲੋਗ੍ਰਾਮ ਭਾਰ ਚੁੱਕ ਕੇ ਉਨ੍ਹਾਂ ਨੇ ਸੋਨ ਤਗਮਾ ਪੱਕਾ ਕਰ ਲਿਆ ਅਤੇ ਭਾਰਤ ਨੂੰ ਖੇਡਾਂ ਦਾ ਪਹਿਲਾ ਗੋਲਡ ਦਿਵਾਇਆ।
ਵੇਟਲਿਫਟਿੰਗ ਵਿੱਚ ਭਾਰਤ ਲਈ ਦਿਨ ਹੋਰ ਵੀ ਸ਼ਾਨਦਾਰ ਰਿਹਾ। ਰਿਸ਼ੀਕਾਂਤ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ, ਜਦਕਿ ਰਾਜਾ ਮੁਥੁਪੰਡੀ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 286 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਦਿਨ ਭਾਰਤ ਲਈ ਵੇਟਲਿਫਟਿੰਗ ਵਿੱਚ ਇੱਕ ਹੋਰ ਸਫਲ ਦਿਨ ਸਾਬਤ ਹੋਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੀਰਾਬਾਈ ਚਾਨੂੰ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚਾਨੂੰ ਨੇ ਇੱਕ ਵਾਰ ਫਿਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ ਅਤੇ ਉਹ ਹਰ ਭਾਰਤੀ ਲਈ ਪ੍ਰੇਰਣਾ ਦਾ ਸਰੋਤ ਹਨ।
