ਖੇਡ ਮੰਤਰਾਲੇ ਨੇ ਭਾਰਤੀ ਟੇਬਲ ਟੈਨਿਸ ਦੇ ਪ੍ਰਸ਼ਾਸਨ ਨੂੰ ਲੈ ਕੇ ਬੁੱਧਵਾਰ ਨੂੰ ਵੱਡਾ ਕਦਮ ਚੁੱਕਿਆ। ਮੰਤਰਾਲੇ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ (TTFI) ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਫੈਸਲੇ ਦੇ ਪਿੱਛੇ ਫੈਡਰੇਸ਼ਨ ਵਿੱਚ ਗਵਰਨੈਂਸ ਨਾਲ ਜੁੜੀਆਂ ਕਮੀਆਂ ਨੂੰ ਮੁੱਖ ਵਜ੍ਹਾ ਦੱਸਿਆ ਗਿਆ ਹੈ। ਮੰਤਰਾਲੇ ਦੇ ਹੁਕਮਾਂ ਅਨੁਸਾਰ ਟੀਟੀਐਫਆਈ ਵੱਲੋਂ ਸਮੇਂ ਸਿਰ ਚੋਣਾਂ ਨਾ ਕਰਵਾਉਣਾ ਵੀ ਮਾਨਤਾ ਮੁਅੱਤਲ ਕਰਨ ਦੇ ਕਾਰਨਾਂ ਵਿੱਚ ਸ਼ਾਮਲ ਹੈ। ਇਸ ਤੋਂ ਪਹਿਲਾਂ ਮੰਤਰਾਲੇ ਨੇ ਫੈਡਰੇਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਪਰ ਉਸ ਦੇ ਜਵਾਬ ਨੂੰ ‘ਅਸੰਤੋਖਜਨਕ’ ਪਾਇਆ ਗਿਆ।
ਮਾਨਤਾ ਮੁਅੱਤਲ ਕਰਨ ਦੇ ਨਾਲ ਹੀ ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਸੰਘ (IOA) ਨੂੰ ਟੇਬਲ ਟੈਨਿਸ ਦੇ ਪ੍ਰਸ਼ਾਸਨ ਦੀ ਵਿਵਸਥਾ ਸੰਭਾਲਣ ਲਈ ਐਡ-ਹਾਕ ਕਮੇਟੀ ਬਣਾਉਣ ਲਈ ਕਿਹਾ ਹੈ। ਮੰਤਰਾਲੇ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਈਓਏ, ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ (ITTF) ਨਾਲ ਸਲਾਹ ਕਰਕੇ ਇੱਕ ਅੰਦਰੂਨੀ ਨਿਯਾਮਕ ਵਿਵਸਥਾ ਤਿਆਰ ਕਰੇਗਾ। ਇਸ ਵਿੱਚ ਇੱਕ ਐਡਹਾਕ ਕਮੇਟੀ ਦਾ ਗਠਨ ਵੀ ਸ਼ਾਮਲ ਹੋਵੇਗਾ। ਇਹ ਵਿਵਸਥਾ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਟੀਟੀਐਫਆਈ ਵਿੱਚ ਇੱਕ ਵਿਧਵਤ ਗਠਿਤ ਅਤੇ ਉਚਿਤ ਗਵਰਨੈਂਸ ਢਾਂਚਾ ਬਹਾਲ ਨਹੀਂ ਹੋ ਜਾਂਦਾ।
ਸਮੇਂ ਸਿਰ ਚੋਣਾਂ ਨਾ ਕਰਵਾਉਣਾ ਪਿਆ ਭਾਰੀ
ਮੰਤਰਾਲੇ ਦੀ ਕਾਰਵਾਈ ਵਿੱਚ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਟੀਟੀਐਫਆਈ ਦੀਆਂ ਚੋਣਾਂ ਸਮੇਂ ਸਿਰ ਨਾ ਕਰਵਾਇਆ ਜਾਣਾ ਸੀ। ਕਾਰਨ ਦੱਸੋ ਨੋਟਿਸ ਦੇ ਜਵਾਬ ਤੋਂ ਮੰਤਰਾਲਾ ਸੰਤੁਸ਼ਟ ਨਹੀਂ ਹੋਇਆ ਅਤੇ ਇਸ ਤੋਂ ਬਾਅਦ ਮਾਨਤਾ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ। ਟੀਟੀਐਫਆਈ ਵਿੱਚ ਪ੍ਰਸ਼ਾਸਨਿਕ ਵਿਵਾਦ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ। ਅਪ੍ਰੈਲ 2026 ਦੀ ਇੱਕ ਰਿਪੋਰਟ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵਿਚਕਾਰ ਮਤਭੇਦਾਂ ਦਾ ਜ਼ਿਕਰ ਵੀ ਕੀਤਾ ਗਿਆ ਸੀ।
