ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦੇ ਵਿਸ਼ੇਸ਼ ਯਤਨਾ ਸਦਕਾ ਮਲੇਸ਼ੀਆ ਵਿੱਚ ਪਿਛਲੇ ਦੋ ਸਾਲਾਂ ਤੋਂ ਬੰਦੀ ਬਣਾ ਕੇ ਰੱਖੀ ਗਈ ਜ਼ਿਲ੍ਹੇ ਦੇ ਪਿੰਡ ਸੰਗਰਾਹੂਰ ਦੀ 22 ਸਾਲਾ ਨੌਜਵਾਨ ਲੜਕੀ ਸਿਮਰਜੀਤ ਕੌਰ ਦੀ ਸੁਰੱਖਿਅਤ ਵਤਨ ਵਾਪਸੀ ਹੋ ਗਈ ਹੈ।
ਸਿਮਰਜੀਤ ਕੌਰ ਅਪਣੀ ਮਾਂ ਤੇ ਮਾਪਿਆਂ ਸਮੇਤ ਮੈਂਬਰ ਪਾਰਲੀਮੈਂਟ ਦੇ ਫ਼ਰੀਦਕੋਟ ਸਥਿਤ ਦਫ਼ਤਰ ਵਿਚ ਪੁੱਜੀ ਅਤੇ ਐਮ.ਪੀ. ਤੇ ਉਸ ਦੀ ਟੀਮ ਦਾ ਤਹਿ ਦਿਲੋਂ ਧਨਵਾਦ ਕੀਤਾ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਫ਼ਰੀਦਕੋਟ ਤੋਂ ਇੰਚਾਰਜ ਭਾਈ ਦਲੇਰ ਸਿੰਘ ਡੋਡ ਨੇ ਦਸਿਆ ਕਿ ਸਿਮਰਜੀਤ ਕੌਰ ਕਰੀਬ ਡੇਢ ਲੱਖ ਰੁਪਏ ਖਰਚ ਕੇ ਰੁਜ਼ਗਾਰ ਦੀ ਭਾਲ ਵਿਚ ਮਲੇਸ਼ੀਆ ਗਈ ਸੀ, ਜਿਥੇ ਉਹ ਇਕ ਘਰ ਵਿਚ ਕੰਮ ਕਰਦੀ ਸੀ।
ਸਿਮਰਜੀਤ ਨੇ ਦਸਿਆ ਕਿ ਉਥੇ ਮਨ ਨਾ ਲੱਗਣ ਕਾਰਨ ਜਦੋਂ ਉਸ ਨੇ ਘਰ (ਪੰਜਾਬ) ਵਾਪਸ ਪਰਤਣ ਦੀ ਇੱਛਾ ਪ੍ਰਗਟਾਈ ਤਾਂ ਉਸ ਨੂੰ ਵਾਪਸ ਨਾ ਆਉਣ ਦਿਤਾ ਗਿਆ, ਉਸ ਤੋਂ ਜਬਰਨ ਕੰਮ ਕਰਵਾਇਆ ਜਾਂਦਾ ਅਤੇ ਦੋ ਸਾਲ ਬਾਅਦ ਘਰ ਭੇਜਣ ਦਾ ਝਾਂਸਾ ਦੇ ਕੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ।
ਭਾਈ ਦਲੇਰ ਸਿੰਘ ਮੁਤਾਬਕ ਬੇਟੀ ਨਾਲ ਸੰਪਰਕ ਟੁੱਟਣ ਤੋਂ ਪ੍ਰੇਸ਼ਾਨ ਮਾਂ ਨੇ ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਨਾਲ ਸੰਪਰਕ ਕੀਤਾ ਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐਮ.ਪੀ. ਨੇ ਮਲੇਸ਼ੀਆ ਸਥਿਤ ਅੰਬੈਂਸੀ ਨਾਲ ਸੰਪਰਕ ਕਰ ਕੇ ਈਮੇਲ ਰਾਹੀਂ ਪੂਰੀ ਤੋਂ ਜਾਣੂ ਕਰਵਾਇਆ, ਜਿਸ ਕਰ ਕੇ ਸਿਮਰਜੀਤ ਦੀ ਸੁਰੱਖਿਅਤ ਵਾਪਸੀ ਹੋ ਸਕੀ।
